ਪਟਿਆਲਾ – ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਦਰਿਆ ਦਾ ਪਾਣੀ ਲਗਾਤਾਰ ਖਤਰੇ ਦੇ ਪੱਧਰ ’ਤੇ ਬਣਿਆ ਹੋਇਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਦੇ ਬੰਨ੍ਹਾਂ ’ਤੇ 24 ਘੰਟੇ ਨਿਗਰਾਨੀ ਦਾ ਪ੍ਰਬੰਧ ਕੀਤਾ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਪਿੰਡਾਂ ਦਾ ਦੌਰਾ ਕਰਦੇ ਹੋਏ ਮੌਕਾ ਮੁਆਇਨਾ ਕੀਤਾ।
ਡੀਸੀ ਨੇ ਦਰਿਆ ਦੇ ਬੰਨ੍ਹਾਂ ਦੀ ਸਥਿਤੀ ਦੀ ਜਾਂਚ ਕੀਤੀ ਅਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਫੀਡਬੈਕ ਵੀ ਲਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਨਾਲ ਉਹਨਾਂ ਦਾ ਨਿਰੰਤਰ ਸੰਪਰਕ ਬਣਿਆ ਹੋਇਆ ਹੈ ਅਤੇ ਉਹ ਖੁਦ ਵੀ ਬੰਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।
ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਭਾਰਤੀ ਫੌਜ ਦੀ ਟੀਮ ਵੀ ਐਲਰਟ ਮੋਡ ਵਿੱਚ ਰੱਖੀ ਗਈ ਹੈ। ਕਰਨਲ ਵਿਨੋਦ ਸਿੰਘ ਰਾਵਤ ਦੀ ਅਗਵਾਈ ਹੇਠ ਆਰਮੀ ਦੀ ਇੱਕ ਵਿਸ਼ੇਸ਼ ਟੁਕੜੀ ਮੌਕੇ ’ਤੇ ਤੈਨਾਤ ਕੀਤੀ ਗਈ ਹੈ। ਇਹ ਟੀਮ ਕਿਸੇ ਵੀ ਸੰਭਾਵੀ ਪਾੜ ਜਾਂ ਬੰਨ੍ਹ ਟੁੱਟਣ ਦੀ ਸਥਿਤੀ ਨਾਲ ਤੁਰੰਤ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਪ੍ਰਸ਼ਾਸਨ ਨੇ ਕਿਹਾ ਕਿ ਘੱਗਰ ਦੀ ਸਥਿਤੀ ‘ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪਾਣੀ ਦੇ ਪੱਧਰ ਨੂੰ ਲੈ ਕੇ ਹਰ ਘੰਟੇ ਅੱਪਡੇਟ ਲਈਏ ਜਾ ਰਹੇ ਹਨ। ਲੋਕਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਜ਼ਰੂਰਤ ਪੈਣ ‘ਤੇ ਰਾਹਤ ਤੇ ਬਚਾਅ ਕਾਰਵਾਈ ਵਿੱਚ ਫੌਜ, ਐਨ.ਡੀ.ਆਰ.ਐਫ ਅਤੇ ਸਿਵਲ ਡਿਫੈਂਸ ਦੀ ਸਹਾਇਤਾ ਤੁਰੰਤ ਲਈ ਜਾਵੇਗੀ।
ਇਸ ਸਾਰੇ ਪ੍ਰਬੰਧਾਂ ਦਾ ਮਕਸਦ ਇਹ ਹੈ ਕਿ ਘੱਗਰ ਦਰਿਆ ਦੇ ਬੰਨ੍ਹਾਂ ‘ਚ ਕਿਸੇ ਤਰ੍ਹਾਂ ਦੀ ਦਰਾੜ ਜਾਂ ਪਾੜ ਪੈਣ ਦੀ ਸਥਿਤੀ ਵਿੱਚ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।