ਚੰਡੀਗੜ੍ਹ : ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਨੇ ਰਾਜ ਦੇ ਪ੍ਰਸ਼ਾਸਨਿਕ ਤੰਤਰ ਨੂੰ ਝੰਝੋੜ ਦਿੱਤਾ ਹੈ। ਹੁਣ ਇਸ ਮਾਮਲੇ ‘ਚ ਆਈਏਐਸ ਅਧਿਕਾਰੀ ਅਤੇ ਮ੍ਰਿਤਕ ਦੀ ਪਤਨੀ ਅਮਨੀਤ ਪੀ. ਕੁਮਾਰ ਦੇ ਹੱਕ ‘ਚ ਹਰਿਆਣਾ ਸਿਵਲ ਸੇਵਾਵਾਂ (ਐੱਚਸੀਐਸ) ਅਧਿਕਾਰੀ ਖੁੱਲ੍ਹ ਕੇ ਸਾਹਮਣੇ ਆਏ ਹਨ। ਐੱਚਸੀਐਸ ਐਸੋਸੀਏਸ਼ਨ ਨਾਲ ਜੁੜੇ ਕਰੀਬ 115 ਅਧਿਕਾਰੀਆਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖਦਿਆਂ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਤੇ ਤੇਜ਼ ਜਾਂਚ ਦੀ ਮੰਗ ਕੀਤੀ ਹੈ।
ਐੱਚਸੀਐਸ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਭੂ, ਉਪ ਪ੍ਰਧਾਨ ਅਨੁਭਵ ਮਹਿਤਾ ਅਤੇ ਮਾਨਵ ਮਲਿਕ, ਜਨਰਲ ਸਕੱਤਰ ਰਾਕੇਸ਼ ਸੰਧੂ ਤੇ ਸੰਯੁਕਤ ਸਕੱਤਰ ਜਤਿੰਦਰ ਜੋਸ਼ੀ, ਜੋਤੀ ਮਿੱਤਲ ਅਤੇ ਮਯੰਕ ਵਰਮਾ ਵੱਲੋਂ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਕਿ ਖੁਦਕੁਸ਼ੀ ਨੋਟ ਅਨੁਸਾਰ ਵਾਈ. ਪੂਰਨ ਕੁਮਾਰ ਨੂੰ ਲਗਾਤਾਰ ਜਾਤੀ ਅਧਾਰਤ ਭੇਦਭਾਵ, ਅਪਮਾਨ, ਪ੍ਰਸ਼ਾਸਨਿਕ ਦਬਾਅ ਤੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਹੋ ਰਹੀ ਲੰਬੇ ਸਮੇਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਉੱਤੇ ਦਬਾਅ, ਅਣਦੇਖੀਆਂ ਸ਼ਿਕਾਇਤਾਂ, ਤੇ ਅਧਿਕਾਰਾਂ ਦੀ ਗਲਤ ਵਰਤੋਂ ਕਾਰਨ ਮਾਨਸਿਕ ਤਣਾਅ ਵਧਦਾ ਗਿਆ, ਜੋ ਅੰਤ ਵਿੱਚ ਖੁਦਕੁਸ਼ੀ ਦਾ ਕਾਰਨ ਬਣਿਆ।
ਐਸੋਸੀਏਸ਼ਨ ਨੇ ਪੱਤਰ ਰਾਹੀਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਤੇ ਸੰਵੇਦਨਸ਼ੀਲਤਾ ਨਾਲ ਦੇਖਿਆ ਜਾਵੇ ਅਤੇ ਨਵੇਂ ਅਪਰਾਧਿਕ ਕਾਨੂੰਨਾਂ ਅਨੁਸਾਰ ਬਿਨਾਂ ਕਿਸੇ ਰੁਕਾਵਟ ਜਾਂ ਦਬਾਅ ਦੇ, ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜਾਂਚ ਦੌਰਾਨ ਦੋਸ਼ੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਅਸਥਾਈ ਤੌਰ ’ਤੇ ਹਟਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਪ੍ਰਭਾਵ ਜਾਂ ਦਬਾਅ ਜੂਨੀਅਰ ਅਧਿਕਾਰੀਆਂ ‘ਤੇ ਨਾ ਪਏ।
ਐੱਚਸੀਐਸ ਐਸੋਸੀਏਸ਼ਨ ਨੇ ਇਹ ਵੀ ਜ਼ੋਰ ਦਿੱਤਾ ਕਿ ਇਸ ਕਠਿਨ ਸਮੇਂ ਵਿੱਚ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਯੋਗ ਸੁਰੱਖਿਆ, ਭਾਵਨਾਤਮਕ ਸਹਾਇਤਾ ਅਤੇ ਸੰਸਥਾਗਤ ਮਦਦ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਇਸ ਤਰ੍ਹਾਂ ਦੇ ਘਟਨਾ-ਕਰਮ ਨਾ ਸਿਰਫ਼ ਇੱਕ ਅਧਿਕਾਰੀ ਦੇ ਜੀਵਨ ’ਤੇ ਅਸਰ ਪਾਉਂਦੇ ਹਨ, ਸਗੋਂ ਪੂਰੇ ਸਿਸਟਮ ’ਤੇ ਵਿਸ਼ਵਾਸ ਨੂੰ ਵੀ ਝਟਕਾ ਲਾਉਂਦੇ ਹਨ।
ਐਸੋਸੀਏਸ਼ਨ ਨੇ ਅੰਤ ਵਿੱਚ ਉਮੀਦ ਜਤਾਈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਮਾਮਲੇ ਵਿੱਚ ਤੁਰੰਤ ਹਸਤਕਸ਼ੇਪ ਕਰਦੇ ਹੋਏ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣਗੇ ਅਤੇ ਵਾਈ. ਪੂਰਨ ਕੁਮਾਰ ਨੂੰ ਨਿਆਂ ਮਿਲੇਗਾ।