ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਐਕਸਪ੍ਰੈਸ ਟ੍ਰੇਨ ਵਿੱਚ ਸ਼ਨੀਵਾਰ ਸਵੇਰੇ ਇੱਕ ਗੰਭੀਰ ਹਾਦਸਾ ਵਾਪਰਿਆ, ਜਦੋਂ ਟ੍ਰੇਨ ਦੇ ਕੋਚ ਨੰਬਰ 19 ਵਿੱਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਸਰਹੰਦ ਤੋਂ ਅੱਗੇ ਸਾਧੂਗੜ੍ਹ ਨਜ਼ਦੀਕ ਵਾਪਰੀ। ਸ਼ੁਰੂਆਤੀ ਜਾਂਚ ਅਨੁਸਾਰ, ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਟ੍ਰੇਨ ਵਿੱਚ ਸਵਾਰ ਕਈ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ ਅਤੇ ਹਾਲਾਤ ਹੜਬੜੀ ਵਾਲੇ ਬਣ ਗਏ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਟ੍ਰੇਨ ਵਿੱਚ ਲੁਧਿਆਣਾ ਦੇ ਕਈ ਕਾਰੋਬਾਰੀ ਅਤੇ ਯਾਤਰੀ ਸਫਰ ਕਰ ਰਹੇ ਸਨ। ਅੱਗ ਲੱਗਣ ਨਾਲ ਇੱਕ ਮਹਿਲਾ ਯਾਤਰੀ ਗੰਭੀਰ ਤੌਰ ‘ਤੇ ਝੁਲਸ ਗਈ, ਜਿਸ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਲੋਕੋ ਪਾਇਲਟ ਨੇ ਜਿਵੇਂ ਹੀ ਧੁਆਂ ਨਿਕਲਦਾ ਦੇਖਿਆ, ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਨੂੰ ਰੋਕ ਦਿੱਤਾ। ਟ੍ਰੇਨ ਰੁਕਦੇ ਹੀ ਯਾਤਰੀ ਆਪਣੇ ਸਮਾਨ ਸਮੇਤ ਬਾਹਰ ਕੂਦ ਪਏ। ਹਫੜਾ-ਦਫੜੀ ਵਿੱਚ ਉਤਰਦੇ ਹੋਏ ਕੁਝ ਯਾਤਰੀਆਂ ਨੂੰ ਹਲਕੀਆਂ ਚੋਟਾਂ ਲੱਗੀਆਂ।
ਅੱਗ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀ, ਅੱਗ ਬੁਝਾਉਣ ਵਾਲੀਆਂ ਟੀਮਾਂ ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਤਕਰੀਬਨ ਇੱਕ ਘੰਟੇ ਦੀ ਕਾਢੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ, ਇਸ ਘਟਨਾ ਦੌਰਾਨ ਟ੍ਰੇਨ ਦੇ ਤਿੰਨ ਡੱਬਿਆਂ ਨੂੰ ਨੁਕਸਾਨ ਪਹੁੰਚਣ ਦੀ ਪੁਸ਼ਟੀ ਕੀਤੀ ਗਈ ਹੈ।
ਸਰਹਿੰਦ ਜੀਆਰਪੀ ਦੇ ਐਸਐਚਓ ਰਤਨ ਲਾਲ ਨੇ ਦੱਸਿਆ ਕਿ ਜਿਵੇਂ ਹੀ ਕੋਚ ਵਿਚੋਂ ਧੁਆਂ ਨਿਕਲਦਾ ਵੇਖਿਆ ਗਿਆ, ਟ੍ਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਦੇ ਸਹੀ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰਿਪੋਰਟ ਜਲਦੀ ਪੇਸ਼ ਕੀਤੀ ਜਾਵੇਗੀ।
ਇਸ ਘਟਨਾ ਕਾਰਨ ਰੇਲ ਯਾਤਰਾ ਕੁਝ ਸਮੇਂ ਲਈ ਪ੍ਰਭਾਵਿਤ ਰਹੀ ਅਤੇ ਸਰਹੰਦ ਰੇਲਵੇ ਸੈਕਸ਼ਨ ‘ਤੇ ਟ੍ਰੇਨਾਂ ਦੀ ਆਵਾਜਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ। ਬਾਅਦ ਵਿੱਚ ਸਥਿਤੀ ਨਿਯੰਤਰਣ ਵਿੱਚ ਆਉਣ ਤੋਂ ਬਾਅਦ ਸੇਵਾਵਾਂ ਮੁੜ ਚਾਲੂ ਕੀਤੀਆਂ ਗਈਆਂ।