ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਜਵਾਨ ਨੇ ਦਿਨਦਿਹਾਢੇ ਸੁਨਿਆਰੇ ਦੀ ਦੁਕਾਨ ’ਚ ਦਾਖਲ ਹੋ ਕੇ ਉਸਦੇ ਮੱਥੇ ’ਤੇ ਪਿਸਤੌਲ ਤਾਨ ਦਿੱਤੀ। ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ CCTV ਕੈਮਰੇ ਵਿੱਚ ਸਾਫ਼-ਸਾਫ਼ ਕੈਦ ਹੋ ਗਈ ਹੈ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਆਰੋਪੀ ਗੁੱਸੇ ਨਾਲ ਸੁਨਿਆਰੇ ਨਾਲ ਬਹਿਸ ਕਰਦਾ ਹੈ ਅਤੇ ਕੁਝ ਸਮੇਂ ਬਾਅਦ ਉਸਦੇ ਮੱਥੇ ’ਤੇ ਗੰਨ ਤਾਨ ਕੇ ਉਸਨੂੰ ਧਮਕਾਉਂਦਾ ਹੈ।
ਪੀੜਤ ਸੁਨਿਆਰਾ ਵਿਨੈ ਨੇ ਦੱਸਿਆ ਕਿ ਉਸਦਾ ਇੱਕ ਲੜਕੀ ਨਾਲ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ। ਉਸ ਲੜਕੀ ਨੇ ਕਿਹਾ ਸੀ ਕਿ ਉਹ ਖੁਦ ਦੁਕਾਨ ’ਤੇ ਆ ਕੇ ਪੈਸੇ ਵਾਪਸ ਕਰੇਗੀ। ਪਰ ਉਸ ਤੋਂ ਪਹਿਲਾਂ ਹੀ ਉਸਦਾ ਭਰਾ ਦੁਕਾਨ ’ਤੇ ਪਹੁੰਚ ਗਿਆ ਅਤੇ ਬਿਨਾਂ ਕਿਸੇ ਗੱਲਬਾਤ ਦੇ ਗਾਲਾਂ ਕੱਢਣ ਤੇ ਧਮਕਾਉਣ ਲੱਗ ਪਿਆ। ਵਿਨੈ ਦੇ ਕਹਿਣ ਅਨੁਸਾਰ, “ਉਹ ਵਿਅਕਤੀ ਮੇਰੇ ਮੱਥੇ ’ਤੇ ਪਿਸਤੌਲ ਤਾਨ ਦਿੱਤੀ। ਜੇ ਉਹ ਗੋਲੀ ਚਲਾ ਦਿੰਦਾ ਤਾਂ ਸ਼ਾਇਦ ਮੈਂ ਅੱਜ ਜਿੰਦਾ ਨਾ ਹੁੰਦਾ।”
ਘਟਨਾ ਤੋਂ ਬਾਅਦ ਵਿਨੈ ਨੇ ਤੁਰੰਤ ਆਪਣੀ ਦੁਕਾਨ ਬੰਦ ਕੀਤੀ ਅਤੇ 112 ਨੰਬਰ ’ਤੇ ਪੁਲਿਸ ਨੂੰ ਕਾਲ ਕੀਤੀ। ਉਸਨੇ ਮੰਗ ਕੀਤੀ ਕਿ ਆਰੋਪੀ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਸੂਚਨਾ ਮਿਲਣ ਉੱਪਰ ਏਐਸਆਈ ਵਰਸ਼ਾ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਕਾਲ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ CCTV ਫੁਟੇਜ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਲਾਕੇ ਦੇ ਵਪਾਰੀਆਂ ਨੇ ਇਸ ਘਟਨਾ ’ਤੇ ਗੁੱਸਾ ਜਤਾਇਆ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ਕਿਉਂਕਿ ਦਿਨਦਿਹਾਢੇ ਇਸ ਤਰ੍ਹਾਂ ਦੀ ਘਟਨਾ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਵਪਾਰੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਜੇ ਆਰੋਪੀ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ਕਾਰੀ ਰੂਪ-ਰੇਖਾ ਤਿਆਰ ਕਰਨਗੇ।
ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਦੀ ਪਛਾਣ ਹੋ ਚੁੱਕੀ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਘਟਨਾ ਨੇ ਸਥਾਨਕ ਪੱਧਰ ’ਤੇ ਸੁਰੱਖਿਆ ਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।