ਰਿਸ਼ੀਕੇਸ਼/ਊਤਰਾਖੰਡ — ਆਮ ਤੌਰ ‘ਤੇ ਲੋਕ ਵੱਧ ਉਮਰ ਵਿੱਚ ਸਖ਼ਤ ਕੰਮਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ, ਪਰ ਇੱਕ 83 ਸਾਲ ਦੀ ਬ੍ਰਿਟਿਸ਼ ਬਜ਼ੁਰਗ ਔਰਤ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਜਜ਼ਬੇ ਦੇ ਅੱਗੇ ਉਮਰ ਸਿਰਫ ਇੱਕ ਗਿਣਤੀ ਮਾਤਰ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਨੇ ਰਿਸ਼ੀਕੇਸ਼ ਦੇ ਮਸ਼ਹੂਰ ਸ਼ਿਵਪੁਰੀ ਬੰਜੀ ਜੰਪਿੰਗ ਸਥਾਨ ਤੋਂ 117 ਮੀਟਰ ਉਚਾਈ ਤੋਂ ਨਿਡਰ ਹੋ ਕੇ ਛਾਲ ਮਾਰੀ।
ਰਿਪੋਰਟਾਂ ਮੁਤਾਬਕ, ਇਹ ਵੀਡੀਓ 13 ਅਕਤੂਬਰ ਦਾ ਹੈ। ਔਰਤ ਦਾ ਨਾਮ ਓਲੇਨਾ ਬੇਕੋ ਦੱਸਿਆ ਜਾ ਰਿਹਾ ਹੈ, ਜੋ ਬ੍ਰਿਟੇਨ ਤੋਂ ਖਾਸ ਤੌਰ ‘ਤੇ ਭਾਰਤ ਵਿਚ ਐਡਵੈਂਚਰ ਟੂਰ ਲਈ ਆਈ ਸੀ। ਜਿਵੇਂ ਹੀ ਉਹ ਉਚਾਈ ਤੋਂ ਛਾਲ ਮਾਰਦੀ ਹੈ, ਉਸਦਾ ਰੋਮਾਂਚ ਤੇ ਖੁਸ਼ੀ ਨਾਲ ਭਰਪੂਰ ਚਿਹਰਾ ਸਭ ਦਾ ਮਨ ਮੋਹ ਲੈਂਦਾ ਹੈ। ਹੱਥ ਹਿਲਾਉਂਦੀ ਤੇ ਹਵਾ ਵਿੱਚ ਚੀਅਰ ਕਰਦੀ ਓਲੇਨਾ ਨੂੰ ਵੇਖ ਕੇ ਉੱਥੇ ਮੌਜੂਦ ਲੋਕ ਵੀ ਤਾਲੀਆਂ ਵਜਾਉਣ ਲੱਗ ਪਏ।
ਲੋਕ ਕਹ ਰਹੇ — ਉਮਰ ਨਹੀਂ, ਹੌਸਲਾ ਵੱਡਾ !
ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਉਪਭੋਗਤਾਵਾਂ ਨੇ ਓਲੇਨਾ ਦੀ ਹਿੰਮਤ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਇੱਕ ਨੇ ਟਿੱਪਣੀ ਕੀਤੀ:
“ਮੈਂ ਹਮੇਸ਼ਾ ਵੱਡੀ ਉਮਰ ਦੇ ਲੋਕਾਂ ਨੂੰ ਕਹਿੰਦਾ ਹਾਂ ਕਿ ਇਹ ਸਾਹਸ ਲਈ ਸਭ ਤੋਂ ਠੀਕ ਸਮਾਂ ਹੁੰਦਾ ਹੈ… ਗੁਆਉਣ ਲਈ ਕੁਝ ਨਹੀਂ!”
ਦੁਸਰੇ ਉਪਭੋਗਤਾ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ:
“ਇਹ ਵੀਡੀਓ ਦੇਖ ਕੇ ਹੀ ਮੇਰੇ ਪੇਰ ਕੰਬ ਗਏ! ਪਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਦਾਦੀ ਨੇ ਆਪਣੀ ਬਕੇਟ ਲਿਸਟ ਦੇ ਸਾਰੇ ਸੁਪਨੇ ਪੂਰੇ ਕਰ ਲਏ ਹੋਣੇ ! ਸ਼ਾਨਦਾਰ ਜੀਵਨ ਜੀ ਰਹੀ ਹੈ!”
ਰਿਸ਼ੀਕੇਸ਼ — ਦੁਨੀਆ ਭਰ ਦੇ ਐਡਵੈਂਚਰ ਪ੍ਰੇਮੀਆਂ ਦੀ ਪਸੰਦ
ਸ਼ਿਵਪੁਰੀ ਬੰਜੀ ਜੰਪਿੰਗ ਸੈਂਟਰ ਦੁਨੀਆ ਭਰ ਦੇ ਐਡਵੈਂਚਰ ਲਵਰਜ਼ ਲਈ ਹਮੇਸ਼ਾ ਤੋਂ ਆਕਰਸ਼ਣ ਦਾ ਕੇਂਦਰ ਰਿਹਾ ਹੈ। ਇੱਥੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਹੁੰਦੇ ਹਨ ਅਤੇ ਹਜ਼ਾਰਾਂ ਸੈਲਾਨੀ ਹਰ ਸਾਲ ਇੱਥੇ ਆਪਣੇ ਦਿਲ ਦੀ ਧੜਕਨ ਵਧਾਉਣ ਆਉਂਦੇ ਹਨ।
ਓਲੇਨਾ ਦੇ ਇਸ ਕਦਮ ਨੇ ਸਿਰਫ ਉਸਦੀ ਜਿੰਦਗੀ ਵਿੱਚ ਇੱਕ ਯਾਦਗਾਰ ਪਲ ਜੋੜਿਆ ਨਹੀਂ, ਸਗੋਂ ਇਹ ਸੁਨੇਹਾ ਵੀ ਦਿੱਤਾ ਕਿ ਜੋ ਵੀ ਕਰਨਾ ਹੋ, ਡਰ ਨੂੰ ਆਪਣੇ ਰਸਤੇ ਵਿੱਚ ਆਉਣ ਨਾ ਦਿਓ।