ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਵੱਡੀ ਅੱਗ ਲੱਗਣ ਦੀ ਖ਼ਬਰ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਰਿਠਲਾ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ਬੰਗਾਲੀ ਬਸਤੀ ਦੀਆਂ ਕਈ ਝੁੱਗੀਆਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇਨੀ ਤੇਜ਼ੀ ਨਾਲ ਫੈਲੀ ਕਿ ਕੁਝ ਮਿੰਟਾਂ ਵਿੱਚ ਦਰਜਨਾਂ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ।
ਸੂਚਨਾ ਮਿਲਣ ਤੋਂ ਤੁਰੰਤ ਬਾਅਦ ਦਿੱਲੀ ਫਾਇਰ ਸਰਵਿਸ ਦੀਆਂ 29 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੁਟ ਗਈਆਂ। ਅਧਿਕਾਰੀਆਂ ਅਨੁਸਾਰ, ਇਸ ਘਟਨਾ ਵਿੱਚ ਇੱਕ ਬੱਚਾ ਜ਼ਖਮੀ ਹੋਇਆ ਹੈ, ਜਿਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਹਾਲਾਂਕਿ ਹੋਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਦਿੱਲੀ ਫਾਇਰ ਅਫਸਰ ਐਸ.ਕੇ. ਦੁਆ ਨੇ ਦੱਸਿਆ ਕਿ ਰਾਤ ਲਗਭਗ 10:56 ਵਜੇ ਉਨ੍ਹਾਂ ਨੂੰ ਅੱਗ ਬਾਰੇ ਸੂਚਨਾ ਮਿਲੀ ਸੀ। ਸ਼ੁਰੂਆਤੀ ਦੌਰ ਵਿੱਚ 15 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਸਨ, ਪਰ ਅੱਗ ਦੀ ਤੀਬਰਤਾ ਦੇਖਦਿਆਂ ਵਾਧੂ ਗੱਡੀਆਂ ਭੇਜਣੀਆਂ ਪਈਆਂ। ਲਗਭਗ ਤਿੰਨ ਘੰਟਿਆਂ ਦੀ ਜ਼ਬਰਦਸਤ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਵਿੱਚ ਲਿਆਂਦਾ ਗਿਆ।
ਪੁਲਿਸ ਸੂਤਰਾਂ ਅਨੁਸਾਰ, ਅੱਗ ਦੌਰਾਨ ਕਈ ਐਲਪੀਜੀ ਸਿਲੰਡਰ ਵੀ ਫਟ ਗਏ, ਜਿਸ ਨਾਲ ਅੱਗ ਹੋਰ ਭੜਕ ਗਈ ਅਤੇ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਲੋਕ ਆਪਣਾ ਸਮਾਨ ਬਚਾਉਣ ਲਈ ਘਰਾਂ ਤੋਂ ਬਾਹਰ ਭੱਜ ਪਏ। ਇਲਾਕੇ ਵਿੱਚ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ, ਜਿਸ ਨਾਲ ਅਸਮਾਨ ਕਾਲਾ ਹੋ ਗਿਆ।
ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ। ਜ਼ਖਮੀ ਬੱਚੇ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਅੱਗ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਅਸਥਾਈ ਰਿਹਾਇਸ਼ ਅਤੇ ਰਾਹਤ ਸਮੱਗਰੀ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਨੂੰ ਵੀ ਖੁੱਲ੍ਹੇ ਆਸਮਾਨ ਹੇਠ ਰਾਤ ਨਾ ਬਿਤਾਉਣੀ ਪਵੇ।