ਲਾਹੌਰ (ਪਾਕਿਸਤਾਨ): ਪੜ੍ਹਾਈ ਅਤੇ ਮੇਹਨਤ ਦੇ ਮੈਦਾਨ ਵਿੱਚ ਸਿੱਖ ਵਿਦਿਆਰਥੀਆਂ ਨੇ ਅਕਸਰ ਆਪਣੀ ਕਾਬਲੀਆਂ ਦਾ ਲੋਹਾ ਮਨਵਾਇਆ ਹੈ। ਹੁਣ ਇੱਕ ਹੋਰ ਨੌਜਵਾਨ ਸਿੱਖ ਵਿਦਿਆਰਥੀ ਨੇ ਪਾਕਿਸਤਾਨ ਵਿੱਚ ਸਿੱਖਿਆ ਦਾ ਝੰਡਾ ਗੱਡ ਦਿੱਤਾ ਹੈ। ਜਾਣਕਾਰੀ ਮੁਤਾਬਕ, 15 ਸਾਲਾ ਓਂਕਾਰ ਸਿੰਘ ਨੇ ਲਾਹੌਰ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ (BISE Lahore) ਵੱਲੋਂ ਕਰਵਾਈ ਗਈ 9ਵੀਂ ਜਮਾਤ ਦੀ ਪ੍ਰੀਖਿਆ 2025 ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਕੇ Topper ਦਾ ਦਰਜਾ ਪ੍ਰਾਪਤ ਕੀਤਾ ਹੈ।
ਇਸਲਾਮੀਅਤ ‘ਚੋਂ 100 ਵਿੱਚੋਂ 98 ਅੰਕ
ਓਂਕਾਰ ਸਿੰਘ ਨੇ ਨਾ ਸਿਰਫ਼ ਸਾਰੇ ਵਿਸ਼ਿਆਂ ਵਿੱਚ A ਗ੍ਰੇਡ ਪ੍ਰਾਪਤ ਕੀਤਾ ਹੈ, ਸਗੋਂ ‘ਇਸਲਾਮੀਅਤ’ ਜਿਵੇਂ ਵਿਸ਼ੇ ਵਿੱਚ 100 ਵਿੱਚੋਂ 98 ਅੰਕ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਵਿਸ਼ਾ ਇਸਲਾਮ ਦੇ ਧਾਰਮਿਕ ਸਿਧਾਂਤਾਂ, ਸੰਸਕ੍ਰਿਤੀ ਅਤੇ ਵਿਸ਼ਵ ਦਰਸ਼ਨ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਉਸ ਨੇ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਵਿੱਚ 60-60, ਜੀਵ ਵਿਗਿਆਨ ਵਿੱਚ 59, ਅੰਗਰੇਜ਼ੀ ਵਿੱਚ 75, ਉਰਦੂ ਵਿੱਚ 74 ਅਤੇ ਪਵਿੱਤਰ ਕੁਰਾਨ ਦੇ ਅਨੁਵਾਦ ਵਿੱਚ 50 ਵਿੱਚੋਂ 49 ਅੰਕ ਪ੍ਰਾਪਤ ਕੀਤੇ।
ਅੰਕ ਸਿਰਫ਼ ਗਿਆਨ ਨਹੀਂ, ਸਤਿਕਾਰ ਦਾ ਪ੍ਰਤੀਕ
ਲਾਹੌਰ ਬੋਰਡ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਜਾਰੀ ਮਾਰਕਸ਼ੀਟ ਉਸਦੇ ਨਤੀਜਿਆਂ ਦੀ ਪੁਸ਼ਟੀ ਕਰਦੀ ਹੈ। ਓਂਕਾਰ ਸਿੰਘ, ਜੋ ਮਿਨਮਲ ਸਿੰਘ ਦਾ ਪੁੱਤਰ ਹੈ, ਦੇ ਇਹ ਅੰਕ ਸਿਰਫ਼ ਉਸਦੀ ਅਕਾਦਮਿਕ ਕਾਬਲੀਅਤ ਹੀ ਨਹੀਂ ਦਰਸਾਉਂਦੇ, ਸਗੋਂ ਇਹ ਵੀ ਸਾਬਤ ਕਰਦੇ ਹਨ ਕਿ ਉਹ ਵੱਖ-ਵੱਖ ਧਾਰਮਿਕ ਪਰੰਪਰਾਵਾਂ ਪ੍ਰਤੀ ਕਿੰਨਾ ਸਤਿਕਾਰ ਅਤੇ ਸਮਝ ਰੱਖਦਾ ਹੈ। ਇਕ ਸਿੱਖ ਵਿਦਿਆਰਥੀ ਵੱਲੋਂ ਇਸਲਾਮੀਅਤ ਅਤੇ ਕੁਰਾਨ ਦੇ ਅਨੁਵਾਦ ਵਿੱਚ ਉੱਚੇ ਅੰਕ ਲੈਣਾ ਆਪ ਵਿੱਚ ਹੀ ਸਮਾਜਿਕ ਸਾਂਝ ਦਾ ਵੱਡਾ ਸੰਦੇਸ਼ ਹੈ।
ਵੱਡੇ ਪੱਧਰ ‘ਤੇ ਮੁਕਾਬਲਾ
ARY ਨਿਊਜ਼ ਦੇ ਮੁਤਾਬਕ, ਇਸ ਸਾਲ ਪੰਜਾਬ ਦੇ ਸਾਲਾਨਾ ਨੌਵੀਂ ਜਮਾਤ ਦੇ ਇਮਤਿਹਾਨਾਂ ਵਿੱਚ ਕਰੀਬ 3.8 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਸਿਰਫ਼ 1.38 ਲੱਖ ਹੀ ਪ੍ਰੀਖਿਆ ਪਾਸ ਕਰ ਸਕੇ ਜਦਕਿ 1.69 ਲੱਖ ਵਿਦਿਆਰਥੀ ਫੇਲ੍ਹ ਹੋ ਗਏ। ਇਸ ਕਰਕੇ ਕੁੱਲ ਪਾਸ ਪ੍ਰਤੀਸ਼ਤਤਾ 45% ਤੱਕ ਹੀ ਸੀਮਤ ਰਹੀ। ਇਸ ਘੱਟ ਪਾਸ ਪ੍ਰਤੀਸ਼ਤਤਾ ਦੇ ਬਾਵਜੂਦ ਓਂਕਾਰ ਸਿੰਘ ਦਾ ਟਾਪਰ ਬਣਨਾ ਉਸਦੀ ਮਿਹਨਤ ਅਤੇ ਦ੍ਰਿੜ ਨਿਸ਼ਚੇ ਦਾ ਸਬੂਤ ਹੈ।
ਸਨਮਾਨ ਸਮਾਰੋਹ ਦੀ ਤਿਆਰੀ
ਨਤੀਜਿਆਂ ਦੇ ਐਲਾਨ ਤੋਂ ਬਾਅਦ, ਹੁਣ ਪੰਜਾਬ ਦੇ ਸਾਰੇ ਨੌਂ ਸਿੱਖਿਆ ਬੋਰਡਾਂ—ਲਾਹੌਰ, ਫੈਸਲਾਬਾਦ, ਗੁਜਰਾਂਵਾਲਾ, ਮੁਲਤਾਨ, ਰਾਵਲਪਿੰਡੀ, ਬਹਾਵਲਪੁਰ, ਡੇਰਾ ਗਾਜ਼ੀ ਖਾਨ, ਸਾਹੀਵਾਲ ਅਤੇ ਸਰਗੋਧਾ—ਵੱਲੋਂ ਚੋਟੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰੋਹ ਵਿੱਚ ਓਂਕਾਰ ਸਿੰਘ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ।
ਪਰਿਵਾਰ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਓਂਕਾਰ ਦੀ ਇਸ ਕਾਮਯਾਬੀ ਤੋਂ ਉਸਦੇ ਪਰਿਵਾਰ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਹੈ। ਸਿੱਖ ਭਾਈਚਾਰੇ ਵੱਲੋਂ ਵੀ ਇਸ ਸਫਲਤਾ ਨੂੰ ਇਕ ਇਤਿਹਾਸਕ ਪਲ ਵਜੋਂ ਵੇਖਿਆ ਜਾ ਰਿਹਾ ਹੈ। ਕਈ ਲੋਕਾਂ ਨੇ ਕਿਹਾ ਹੈ ਕਿ ਇਹ ਸਿਰਫ਼ ਇਕ ਵਿਅਕਤੀ ਦੀ ਜਿੱਤ ਨਹੀਂ ਹੈ, ਸਗੋਂ ਵੱਖ-ਵੱਖ ਧਰਮਾਂ ਵਿੱਚ ਮਿਲਾਪ ਅਤੇ ਸਹਿਯੋਗ ਦੀ ਮਿਸਾਲ ਹੈ।