ਚਿਹਰੇ ਦੇ ‘ਡੇਂਜਰ ਟ੍ਰਾਈਐਂਗਲ’ ਵਿੱਚ ਪਿੰਪਲ ਛੂਹਣਾ ਦਿਮਾਗ ਲਈ ਬਣ ਸਕਦਾ ਹੈ ਖ਼ਤਰਾ, ਜਾਣੋ ਪੂਰਾ ਮਾਮਲਾ…

ਅਕਸਰ ਲੋਕਾਂ ਨੂੰ ਜਦੋਂ ਵੀ ਚਿਹਰੇ ‘ਤੇ ਪਿੰਪਲ ਜਾਂ ਮੁਹਾਸੇ ਨਜ਼ਰ ਆਉਂਦੇ ਹਨ, ਉਹ ਬੇ-ਇਖਤਿਆਰ ਉਹਨਾਂ ਨੂੰ ਛੂਹਣ ਜਾਂ ਫੋੜਣ ਲੱਗ ਪੈਂਦੇ ਹਨ। ਪਰ ਡਾਕਟਰੀ ਵਿਗਿਆਨ ਮੁਤਾਬਕ, ਚਿਹਰੇ ਦਾ ਇੱਕ ਖ਼ਾਸ ਹਿੱਸਾ ਹੈ ਜਿੱਥੇ ਉੱਗਣ ਵਾਲੇ ਮੁਹਾਸਿਆਂ ਨੂੰ ਛੂਹਣਾ ਜਾਨ-ਲੇਵਾ ਸਾਬਤ ਹੋ ਸਕਦਾ ਹੈ। ਇਹ ਖੇਤਰ ਨੱਕ ਦੇ ਬ੍ਰਿਜ ਤੋਂ ਲੈ ਕੇ ਦੋਵਾਂ ਬੁੱਲ੍ਹਾਂ ਦੇ ਕਿਨਾਰਿਆਂ ਤੱਕ ਫੈਲਿਆ ਹੁੰਦਾ ਹੈ, ਜਿਸ ਨੂੰ “ਫੇਸ ਡੇਂਜਰ ਟ੍ਰਾਈਐਂਗਲ” ਕਿਹਾ ਜਾਂਦਾ ਹੈ।

ਕਿਉਂ ਖ਼ਤਰਨਾਕ ਹੈ ਇਹ ਹਿੱਸਾ?
ਇਸ ਖੇਤਰ ਦੀਆਂ ਨਾੜੀਆਂ ਸਿੱਧਾ ਅੱਖਾਂ ਦੇ ਪਿੱਛੇ ਮੌਜੂਦ ਕੈਵਰਨਸ ਸਾਈਨਸ ਨਾਲ ਜੁੜੀਆਂ ਹੁੰਦੀਆਂ ਹਨ। ਇਹੀ ਰਸਤਾ ਦਿਮਾਗ ਵਿੱਚੋਂ ਖੂਨ ਨਿਕਲਣ ਦਾ ਕੰਮ ਕਰਦਾ ਹੈ। ਜੇਕਰ ਇੱਥੇ ਪਿੰਪਲ ਜਾਂ ਛੋਟਾ ਜਿਹਾ ਇਨਫੈਕਸ਼ਨ ਵੀ ਹੋਵੇ ਅਤੇ ਕੋਈ ਵਿਅਕਤੀ ਇਸਨੂੰ ਛੂਹੇ ਜਾਂ ਫੋੜੇ, ਤਾਂ ਬੈਕਟੀਰੀਆ ਖੂਨ ਰਾਹੀਂ ਸਿੱਧਾ ਦਿਮਾਗ ਤੱਕ ਪਹੁੰਚ ਸਕਦੇ ਹਨ।

ਕੀ ਹੋ ਸਕਦੇ ਹਨ ਨਤੀਜੇ?
ਅਕਸਰ ਤੁਰੰਤ ਵੱਡਾ ਨੁਕਸਾਨ ਨਹੀਂ ਹੁੰਦਾ, ਪਰ ਜੇ ਇਨਫੈਕਸ਼ਨ ਵੱਧ ਗਿਆ ਤਾਂ ਇਹ ਸਥਿਤੀ ਬਹੁਤ ਗੰਭੀਰ ਹੋ ਸਕਦੀ ਹੈ। ਮੈਡੀਕਲ ਐਕਸਪਰਟ ਦੱਸਦੇ ਹਨ ਕਿ ਕੁਝ ਕਦੇ-ਕਦਾਈ ਮਾਮਲਿਆਂ ਵਿੱਚ ਸੈਪਟਿਕ ਕੈਵਰਨਸ ਸਾਈਨਸ ਥ੍ਰੋਮੋਬਸਿਸ ਹੋ ਸਕਦਾ ਹੈ। ਇਸ ਵਿੱਚ ਦਿਮਾਗ ਤੱਕ ਖੂਨ ਦੇ ਥੱਥੇ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਦਿਮਾਗ ਵਿੱਚ ਫੋੜੇ ਬਣ ਸਕਦੇ ਹਨ, ਅੱਖਾਂ ਦੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਸਕਦੀਆਂ ਹਨ, ਮੈਨਿੰਜਾਈਟਿਸ, ਸਟ੍ਰੋਕ ਅਤੇ ਇੱਥੋਂ ਤੱਕ ਕਿ ਨਿਮੋਨੀਆ ਵਰਗੀਆਂ ਘਾਤਕ ਬਿਮਾਰੀਆਂ ਵੀ ਵਿਕਸਤ ਹੋ ਸਕਦੀਆਂ ਹਨ। ਪਹਿਲਾਂ ਇਹ ਬਿਮਾਰੀ ਮੌਤ ਦਾ ਕਾਰਨ ਵੀ ਬਣਦੀ ਸੀ, ਹਾਲਾਂਕਿ ਅੱਜ ਐਂਟੀਬਾਇਓਟਿਕਸ ਦੇ ਕਾਰਨ ਇਲਾਜ ਸੰਭਵ ਹੈ—ਪਰ ਸ਼ਰਤ ਇਹ ਹੈ ਕਿ ਸਮੇਂ ‘ਤੇ ਪਤਾ ਲੱਗ ਜਾਵੇ।

ਮੁਹਾਸਿਆਂ ਤੋਂ ਬਚਾਅ ਦੇ ਸੁਰੱਖਿਅਤ ਤਰੀਕੇ
ਚਾਹੇ ਮੁਹਾਸੇ ਚਿਹਰੇ ਦੇ ਕਿਸੇ ਵੀ ਹਿੱਸੇ ਵਿੱਚ ਹੋਣ, ਉਹਨਾਂ ਨੂੰ ਹੱਥਾਂ ਨਾਲ ਫੋੜਨਾ ਠੀਕ ਨਹੀਂ। ਇੰਝ ਕਰਨ ਨਾਲ ਸੋਜ, ਦਾਗ ਅਤੇ ਇਨਫੈਕਸ਼ਨ ਦਾ ਜੋਖਮ ਹਮੇਸ਼ਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਜੇਕਰ ਪਿੰਪਲ ਡੇਂਜਰ ਟ੍ਰਾਈਐਂਗਲ ਵਿੱਚ ਹੋਵੇ ਤਾਂ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਡਰਮੈਟੋਲਾਜਿਸਟ ਕੁਝ ਸੁਰੱਖਿਅਤ ਤਰੀਕੇ ਸੁਝਾਉਂਦੇ ਹਨ—

  • ਗਰਮ ਪਾਣੀ ਨਾਲ ਕੰਪਰੈੱਸ ਕਰਨਾ, ਜੋ ਸੂਜਨ ਘਟਾਉਂਦਾ ਅਤੇ ਠੀਕ ਹੋਣ ਦੀ ਪ੍ਰਕਿਰਿਆ ਤੇਜ਼ ਕਰਦਾ ਹੈ।
  • ਜੇ ਪਿੰਪਲ ਫਟ ਗਿਆ ਹੈ ਤਾਂ ਪਿੰਪਲ ਪੈਚ ਵਰਤਣਾ।
  • ਬਹੁਤ ਪਰੇਸ਼ਾਨੀ ਹੋਣ ‘ਤੇ ਸਕਿਨ ਸਪੈਸ਼ਲਿਸਟ ਨਾਲ ਮਿਲ ਕੇ ਕੋਰਟੀਸੋਨ ਜਾਂ ਐਂਟੀਬਾਇਓਟਿਕ ਇੰਜੈਕਸ਼ਨ ਲਗਵਾਉਣਾ।

ਡਾਕਟਰ ਨਾਲ ਕਦੋਂ ਸੰਪਰਕ ਕਰੋ?
ਜੇ ਚਿਹਰੇ ‘ਤੇ ਇਨਫੈਕਸ਼ਨ ਵੱਧ ਰਿਹਾ ਹੈ, ਲਾਲੀ ਤੇਜ਼ ਹੋ ਰਹੀ ਹੈ, ਬੁਖ਼ਾਰ, ਠੰਢ ਜਾਂ ਥਕਾਵਟ ਵਰਗੇ ਲੱਛਣ ਸਾਹਮਣੇ ਆ ਰਹੇ ਹਨ ਤਾਂ ਬਿਲਕੁਲ ਵੀ ਦੇਰ ਨਾ ਕਰੋ ਅਤੇ ਤੁਰੰਤ ਡਾਕਟਰੀ ਸਲਾਹ ਲਓ। ਸਮੇਂ ਸਿਰ ਇਲਾਜ ਨਾਲ ਵੱਡੇ ਜੋਖਮ ਤੋਂ ਬਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *