ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਲੋਕਤੰਤਰਿਕ ਸੰਸਥਾ ਸੰਸਦ ਭਵਨ (Parliament Building) ਦੀ ਸੁਰੱਖਿਆ ਬਾਰੇ ਇੱਕ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਇੱਕ ਅਣਪਛਾਤਾ ਵਿਅਕਤੀ ਰੇਲ ਭਵਨ ਵਾਲੇ ਪਾਸੇ ਤੋਂ ਇੱਕ ਦਰੱਖਤ ਦੀ ਮਦਦ ਨਾਲ ਕੰਧ ਟੱਪ ਕੇ ਨਵੀਂ ਸੰਸਦ ਭਵਨ ਦੇ ਕੰਪਲੈਕਸ ਅੰਦਰ ਦਾਖਲ ਹੋ ਗਿਆ।
ਸੁਰੱਖਿਆ ਕਰਮਚਾਰੀਆਂ ਦੇ ਅਨੁਸਾਰ, ਇਹ ਵਿਅਕਤੀ ਸੰਸਦ ਭਵਨ ਦੇ ਗਰੁੜ ਗੇਟ ਤੱਕ ਪਹੁੰਚ ਗਿਆ ਸੀ। ਹਾਲਾਂਕਿ, ਸੁਰੱਖਿਆ ਬਲਾਂ ਨੇ ਚੁਸਤਾਈ ਦਿਖਾਉਂਦਿਆਂ ਤੁਰੰਤ ਉਸਨੂੰ ਘੇਰ ਕੇ ਕਾਬੂ ਕਰ ਲਿਆ। ਫ਼ਿਲਹਾਲ ਉਸਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ ਅਤੇ ਸੁਰੱਖਿਆ ਏਜੰਸੀਆਂ ਉਸਦੇ ਇਰਾਦਿਆਂ ਬਾਰੇ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ।
ਦਾਖਲ ਹੋਣ ਦਾ ਮਕਸਦ ਅਜੇ ਤੱਕ ਅਸਪੱਸ਼ਟ
ਪ੍ਰਾਰੰਭਿਕ ਜਾਣਕਾਰੀ ਅਨੁਸਾਰ, ਇਹ ਵਿਅਕਤੀ ਬਿਨਾ ਕਿਸੇ ਵਿਸ਼ੇਸ਼ ਸੁਰੱਖਿਆ ਜਾਂਚ ਦੇ ਕੰਧ ਟੱਪ ਕੇ ਅੰਦਰ ਆ ਗਿਆ ਸੀ। ਇਸ ਗੱਲ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਸੰਸਦ ਭਵਨ ਉਹ ਜਗ੍ਹਾ ਹੈ ਜਿੱਥੇ ਦੇਸ਼ ਦੇ ਹਜ਼ਾਰਾਂ ਅਹਿਮ ਫ਼ੈਸਲੇ ਲਏ ਜਾਂਦੇ ਹਨ। ਹੁਣ ਇਸ ਮਾਮਲੇ ’ਚ ਜਾਂਚ ਹੋ ਰਹੀ ਹੈ ਕਿ ਆਖਿਰ ਉਸ ਵਿਅਕਤੀ ਦਾ ਉਦੇਸ਼ ਕੀ ਸੀ ਅਤੇ ਕਿਤੇ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ।
ਪਹਿਲਾਂ ਵੀ ਹੋ ਚੁੱਕੀਆਂ ਹਨ ਸੁਰੱਖਿਆ ਵਿੱਚ ਲਾਪਰਵਾਹੀਆਂ
ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸੰਸਦ ਭਵਨ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋਏ ਹਨ। 13 ਦਸੰਬਰ 2023 ਨੂੰ ਵੀ ਇੱਕ ਗੰਭੀਰ ਸੁਰੱਖਿਆ ਚੂਕ ਸਾਹਮਣੇ ਆਈ ਸੀ। ਉਸ ਵੇਲੇ ਸੰਸਦ ਦੀ ਕਾਰਵਾਈ ਦੌਰਾਨ ਕੁਝ ਯੁਵਕ ਦਰਸ਼ਕ ਗੈਲਰੀ ਤੋਂ ਛਲਾਂਗ ਮਾਰ ਕੇ ਸਦਨ ਅੰਦਰ ਪਹੁੰਚ ਗਏ ਸਨ। ਉਹ ਆਪਣੇ ਨਾਲ ਗੈਸ ਛੱਡਣ ਵਾਲੇ ਕੈਂਸਟਰ ਵੀ ਲੈ ਕੇ ਆਏ ਸਨ ਜਿਸ ਨਾਲ ਮਾਹੌਲ ਵਿੱਚ ਦਹਿਸ਼ਤ ਫੈਲ ਗਈ ਸੀ।
ਉਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆ ਗਈ ਸੀ। ਵਿਰੋਧੀ ਪਾਰਟੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੰਸਦ ਵਿੱਚ ਬਿਆਨ ਦੇਣ ਦੀ ਮੰਗ ਕੀਤੀ ਸੀ। ਉਸ ਵੇਲੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ’ਚੋਂ ਮਾਸਟਰਮਾਈਂਡ ਲਲਿਤ ਝਾ ਸੀ, ਜਿਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੂਰਾ ਯੋਜਨਾ ਬਣਾਈ ਸੀ। ਇਸ ਘਟਨਾ ਤੋਂ ਬਾਅਦ ਸੰਸਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ CISF (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਨੂੰ ਸੌਂਪੀ ਗਈ ਸੀ।
ਹੁਣ ਫਿਰ ਖੜ੍ਹੇ ਹੋਏ ਗੰਭੀਰ ਸਵਾਲ
ਮੌਜੂਦਾ ਘਟਨਾ ਨੇ ਦੁਬਾਰਾ ਕੇਂਦਰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ’ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਕੀ ਕੜੀਆਂ ਸੁਰੱਖਿਆ ਵਿਵਸਥਾਵਾਂ ਹੋਣ ਦੇ ਬਾਵਜੂਦ ਵੀ ਕੋਈ ਵਿਅਕਤੀ ਆਸਾਨੀ ਨਾਲ ਕੰਧ ਟੱਪ ਕੇ ਸੰਸਦ ਅੰਦਰ ਪਹੁੰਚ ਸਕਦਾ ਹੈ? ਜੇ ਸੁਰੱਖਿਆ ਵਿੱਚ ਇਸ ਤਰ੍ਹਾਂ ਦੀਆਂ ਖਾਮੀਆਂ ਰਹਿਣਗੀਆਂ ਤਾਂ ਦੇਸ਼ ਦੀਆਂ ਮਹੱਤਵਪੂਰਨ ਲੋਕਤੰਤਰਿਕ ਸੰਸਥਾਵਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ?
ਫ਼ਿਲਹਾਲ ਸੁਰੱਖਿਆ ਏਜੰਸੀਆਂ ਨੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਮਾਮਲੇ ਦੇ ਸਾਰੇ ਪੱਖ ਸਾਫ਼ ਹੋ ਜਾਣਗੇ।