ਗੋਇੰਦਵਾਲ ਸਾਹਿਬ (ਪੰਛੀ) – ਐਤਵਾਰ ਨੂੰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਦੀ ਸੰਗਤ ਨੂੰ ਹਿਲਾ ਕੇ ਰੱਖ ਦਿੱਤਾ। ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ 35 ਸਾਲਾ ਸਰਵਣ ਸਿੰਘ ਪੁੱਤਰ ਮੇਵਾ ਸਿੰਘ, ਨਿਵਾਸੀ ਪਿੰਡ ਭੈਲ ਢਾਏ ਵਾਲਾ, ਬਿਜਲੀ ਸਪਲਾਈ ਬਹਾਲ ਕਰਨ ਦੌਰਾਨ ਅਚਾਨਕ ਕਰੰਟ ਦੀ ਲਪੇਟ ਵਿੱਚ ਆਏ ਤੇ ਮੌਕੇ ’ਤੇ ਹੀ ਉਹਨਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਸਵੇਰੇ ਕਰੀਬ 9 ਵਜੇ ਇਲਾਕੇ ਵਿੱਚ ਹੋਈ ਲਗਾਤਾਰ ਬਾਰਿਸ਼ ਕਾਰਨ ਗੁਰਦੁਆਰਾ ਬਾਉਲੀ ਸਾਹਿਬ ਦੇ ਭਵਨ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ। ਗੁਰਦੁਆਰਾ ਸਾਹਿਬ ਵਿਖੇ ਬਤੌਰ ਲਾਇਨਮੈਨ ਤਾਇਨਾਤ ਸਰਵਣ ਸਿੰਘ ਆਪਣੀ ਜ਼ਿੰਮੇਵਾਰੀ ਅਨੁਸਾਰ ਬਿਜਲੀ ਲਾਈਨ ਦੀ ਮੁਰੰਮਤ ਕਰਨ ਪਹੁੰਚੇ। ਪਰੰਤੂ ਕੰਮ ਦੌਰਾਨ ਅਚਾਨਕ ਉਨ੍ਹਾਂ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਹ ਬੇਹੋਸ਼ ਹੋ ਗਏ। ਸਾਥੀ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ ਨੇ ਦੱਸਿਆ ਕਿ ਸਰਵਣ ਸਿੰਘ ਬਹੁਤ ਹੀ ਮਿਹਨਤੀ, ਨਿਮਰ ਸੁਭਾਵ ਵਾਲਾ ਅਤੇ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਸੀ। ਉਨ੍ਹਾਂ ਦੀ ਅਚਾਨਕ ਮੌਤ ਨਾਲ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸਾਰੀ ਸੰਗਤ ਨੂੰ ਭਾਰੀ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਐੱਸ.ਜੀ.ਪੀ.ਸੀ. ਵੱਲੋਂ ਮ੍ਰਿਤਕ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਕੋਈ ਆਰਥਿਕ ਤਕਲੀਫ਼ ਨਾ ਆਵੇ।
ਦੂਜੇ ਪਾਸੇ, ਸ੍ਰੀ ਗੋਇੰਦਵਾਲ ਸਾਹਿਬ ਥਾਣੇ ਦੇ ਮੁਖੀ ਬਲਰਾਜ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਸੋਮਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਇਸ ਅਚਾਨਕ ਘਟਨਾ ਤੋਂ ਬਾਅਦ ਪਿੰਡ ਭੈਲ ਢਾਏ ਵਾਲਾ ਅਤੇ ਗੁਰਦੁਆਰਾ ਬਾਉਲੀ ਸਾਹਿਬ ਦੀ ਸੰਗਤ ਵਿਚਕਾਰ ਗਮਗੀਂ ਮਾਹੌਲ ਹੈ। ਸੰਗਤ ਦਾ ਕਹਿਣਾ ਹੈ ਕਿ ਸਰਵਣ ਸਿੰਘ ਨੇ ਆਪਣੀ ਨਿਸ਼ਕਾਮ ਸੇਵਾ ਨਾਲ ਹਮੇਸ਼ਾ ਸਭ ਦਾ ਮਨ ਜਿੱਤਿਆ ਸੀ ਅਤੇ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।