ਬਰਨਾਲਾ: ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਤਾਜੋਕੇ ਵਿੱਚ ਭਾਰੀ ਮੀਂਹ ਨੇ ਕਿਸਾਨਾਂ ਲਈ ਕਹਿਰ ਮਚਾ ਦਿੱਤਾ ਹੈ। ਪਿੰਡ ਦੇ ਵੱਡੇ ਹਿੱਸੇ ਵਿੱਚ ਖੇਤਾਂ ਵਿੱਚ ਮੀਂਹ ਦਾ ਪਾਣੀ ਵੜ ਜਾਣ ਕਾਰਨ ਲਗਭਗ 300 ਏਕੜ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਦੇ ਸਰਪੰਚ ਕਰਨਦੀਪ ਸਿੰਘ, ਕਿਸਾਨ ਜਗਸੀਰ ਸਿੰਘ ਤੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਕਿਸਾਨ ਲਗਾਤਾਰ ਨੁਕਸਾਨ ਝੱਲ ਰਹੇ ਹਨ। ਛੋਟੇ ਕਿਸਾਨਾਂ ਦੇ ਖੇਤ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਜਿਥੇ ਪਾਣੀ ਕਈ-ਕਈ ਫੁੱਟ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡਾਂ ਦਾ ਵਧੀਆ ਹਿੱਸਾ ਵੀ ਪ੍ਰਭਾਵਿਤ ਹੈ ਕਿਉਂਕਿ ਸਾਰਾ ਪਾਣੀ ਆ ਕੇ ਪਿੰਡ ਤਾਜੋਕੇ ਨੇੜੇ ਬਣੇ ਬੰਨ੍ਹ ਕੋਲ ਇਕੱਠਾ ਹੋ ਜਾਂਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਜੇ ਪ੍ਰਸ਼ਾਸਨ ਵੱਲੋਂ ਖੜ੍ਹੇ ਪਾਣੀ ਨੂੰ ਸਰਕਾਰੀ ਬੰਨ੍ਹ ਵਿੱਚ ਪਾਉਣ ਦੀ ਵਿਵਸਥਾ ਕੀਤੀ ਜਾਵੇ ਤਾਂ ਫ਼ਸਲਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਹ ਬੰਨ੍ਹ ਅੱਗੇ ਡਰੇਨ ਨਾਲ ਜੁੜਿਆ ਹੋਇਆ ਹੈ ਜੋ ਮੀਂਹ ਦੇ ਪਾਣੀ ਨੂੰ ਆਸਾਨੀ ਨਾਲ ਬਾਹਰ ਕੱਢ ਸਕਦਾ ਹੈ। ਪਰ ਹੁਣ ਤੱਕ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਪਿੰਡਾਂ ਦੇ ਕਿਸਾਨ ਬੇਹੱਦ ਮੁਸ਼ਕਲ ਵਿੱਚ ਹਨ।
ਇਸ ਤਬਾਹੀ ਨਾਲ ਸਿਰਫ਼ ਖੇਤ ਹੀ ਨਹੀਂ ਡੁੱਬੇ ਬਲਕਿ ਆਵਾਜਾਈ ’ਤੇ ਵੀ ਵੱਡਾ ਅਸਰ ਪਿਆ ਹੈ। ਤਾਜੋਕੇ ਪਿੰਡ ਤੋਂ ਪੱਖੋ ਪਾਸੇ ਜਾਣ ਵਾਲੀ ਲਿੰਕ ਸੜਕ ਪੂਰੀ ਤਰ੍ਹਾਂ ਜਲਮਗਨ ਹੋ ਚੁੱਕੀ ਹੈ। ਸੁਰੱਖਿਆ ਦੇ ਮੱਦੇਨਜ਼ਰ ਉੱਥੇ ਵੱਡੇ-ਵੱਡੇ ਪੋਸਟਰ ਤੇ ਬੈਨਰ ਲਗਾਏ ਗਏ ਹਨ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ। ਕਈ ਪਿੰਡਾਂ ਨਾਲ ਸਿੱਧਾ ਸੰਪਰਕ ਟੁੱਟ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੀ ਬਹੁਤ ਮੁਸ਼ਕਲ ਆ ਰਹੀ ਹੈ।
ਇਸ ਸਬੰਧੀ ਪਿੰਡ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਭਦੌੜ ਹਲਕੇ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿਚਲੇ ਪਾਣੀ ਨੂੰ ਕੱਢਣ ਲਈ ਤੁਰੰਤ ਕਦਮ ਚੁੱਕੇ ਜਾਣ। ਨਾਲ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਘਾਟਾ ਪੂਰਾ ਕਰ ਸਕਣ।
ਦੂਜੇ ਪਾਸੇ, ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਦੀ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਇਹ ਵੱਡੀ ਸਮੱਸਿਆ ਜਲਦੀ ਹੀ ਹੱਲ ਕੀਤੀ ਜਾਵੇਗੀ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਮੁਹੱਈਆ ਕਰਵਾਈ ਜਾਵੇਗੀ।
ਪਿੰਡ ਤਾਜੋਕੇ ਦੀ ਇਹ ਸਥਿਤੀ ਸਾਫ਼ ਦੱਸਦੀ ਹੈ ਕਿ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਖੇਤਰਾਂ ਵਿੱਚ ਕਿਸਾਨ ਕਿੰਨੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਦੀ ਉਡੀਕ ਹੈ ਕਿ ਸਰਕਾਰ ਜਲਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਰਾਹਤ ਦੇਵੇਗੀ।