ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਭਾਰੀ ਹੜ੍ਹ ਦੀ ਚਪੇਟ ਵਿੱਚ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ ਅਤੇ ਕਮੀਰਪੁਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਉਜੜਦੀ ਹੋਈ ਨਜ਼ਰ ਆ ਰਹੀ ਹੈ। ਪਾਣੀ ਨੇ ਨਾ ਸਿਰਫ਼ ਘਰਾਂ ਵਿੱਚ ਘੁੱਸ ਕੇ ਲੋਕਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਮੁਸ਼ਕਲ ਬਣਾ ਦਿੱਤਾ ਹੈ, ਸਗੋਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੜ੍ਹ ਉਨ੍ਹਾਂ ਨੂੰ ਪੰਜ ਸਾਲ ਪਿੱਛੇ ਧੱਕ ਦੇਵੇਗਾ। “ਸਾਰੀ ਮਿਹਨਤ ਨਾਲ ਖੜ੍ਹੀ ਕੀਤੀ ਖੇਤੀ ਕੁਝ ਹੀ ਘੰਟਿਆਂ ਵਿੱਚ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਲਈ ਇਹ ਸਾਲ ਸਭ ਤੋਂ ਵੱਡੀ ਤਬਾਹੀ ਬਣ ਗਿਆ ਹੈ। ਘਰਾਂ ਵਿੱਚ ਅਨਾਜ ਤਾਂ ਦੂਰ ਦੀ ਗੱਲ, ਹੁਣ ਤਾਂ ਖਾਣ ਲਈ ਵੀ ਕੁਝ ਨਹੀਂ ਬਚਿਆ,” ਪਿੰਡ ਦੇ ਲੋਕ ਦੁਖੀ ਮਨ ਨਾਲ ਕਹਿੰਦੇ ਹਨ।
ਹਾਲਾਤ ਇਤਨੇ ਖਰਾਬ ਹਨ ਕਿ ਕਈਆਂ ਦੇ ਘਰਾਂ ਵਿੱਚ ਪਾਣੀ ਖੜ੍ਹਾ ਹੋਇਆ ਹੈ ਅਤੇ ਲੋਕ ਆਪਣੀਆਂ ਛੱਤਾਂ ਤੇ ਜਾਂ ਉੱਚੇ ਸਥਾਨਾਂ ਵੱਲ ਰੁਖ ਕਰਨ ਲਈ ਮਜਬੂਰ ਹੋ ਰਹੇ ਹਨ। ਕਈ ਪਰਿਵਾਰਾਂ ਨੇ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਰੁਖ ਕੀਤਾ ਹੈ। ਔਰਤਾਂ, ਬੱਚੇ ਅਤੇ ਬਜ਼ੁਰਗ ਇਸ ਤਬਾਹੀ ਦਾ ਸਭ ਤੋਂ ਵੱਧ ਸਾਹਮਣਾ ਕਰ ਰਹੇ ਹਨ।
ਪਾਣੀ ਦੇ ਜਮ੍ਹਾਂ ਹੋਣ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਹੋਰ ਵੱਧ ਗਿਆ ਹੈ। ਪੀਣ ਵਾਲੇ ਪਾਣੀ ਦੀ ਘਾਟ, ਬਿਜਲੀ ਦੀ ਕੱਟੌਤੀ ਅਤੇ ਜ਼ਰੂਰੀ ਸਹੂਲਤਾਂ ਦੀ ਕਮੀ ਕਾਰਨ ਲੋਕ ਦੋਹਰੇ ਸੰਕਟ ਵਿੱਚ ਫਸੇ ਹੋਏ ਹਨ। ਜਿੱਥੇ ਕਿਸਾਨਾਂ ਦੀ ਮਿਹਨਤ ਪਾਣੀ ਵਿੱਚ ਡੁੱਬ ਗਈ ਹੈ, ਉੱਥੇ ਰੋਜ਼ਮਰ੍ਹਾ ਦਾ ਜੀਵਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਰੰਤ ਰਾਹਤ ਨਾ ਮਿਲੀ ਤਾਂ ਉਨ੍ਹਾਂ ਲਈ ਜ਼ਿੰਦਗੀ ਮੁੜ ਪਟੜੀ ’ਤੇ ਲਿਆਉਣਾ ਬਹੁਤ ਮੁਸ਼ਕਲ ਹੋ ਜਾਵੇਗਾ।