ਪਟਿਆਲਾ/ਪਾਤੜਾਂ – ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬ-ਡਵੀਜ਼ਨ ਦੇ ਕਈ ਪਿੰਡਾਂ ਨੂੰ ਖ਼ਤਰੇ ਦੀ ਸਥਿਤੀ ਨੂੰ ਵੇਖਦੇ ਹੋਏ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਐੱਸ. ਡੀ. ਐੱਮ. ਰਾਜਪੁਰਾ ਅਵਿਕੇਸ਼ ਗੁਪਤਾ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਘੱਗਰ ਨਦੀ ਨੇੜੇ ਵੱਸਦੇ ਪਿੰਡਾਂ ਦੇ ਵਸਨੀਕ ਆਪਣੀ ਸੁਰੱਖਿਆ ਲਈ ਵਿਸ਼ੇਸ਼ ਸਾਵਧਾਨੀ ਬਰਤਣ। ਐਡਵਾਈਜ਼ਰੀ ਅਨੁਸਾਰ, ਪਿੰਡ ਸੰਜਰਪੁਰ, ਊਂਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ ਅਤੇ ਮਹਮਦਪੁਰ ਦੇ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।
ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਗਲਤ ਜਾਣਕਾਰੀ ਵੱਲ ਧਿਆਨ ਨਾ ਦੇਣ ਅਤੇ ਸਿਰਫ ਸਰਕਾਰੀ ਹੁਕਮਾਂ ਅਤੇ ਐਡਵਾਈਜ਼ਰੀ ਉੱਤੇ ਹੀ ਵਿਸ਼ਵਾਸ ਕਰਨ। ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਮਦਦ ਦੀ ਲੋੜ ਹੋਵੇ ਤਾਂ ਉਹ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹਤ ਅਤੇ ਬਚਾਅ ਟੀਮਾਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ। ਨਦੀ ਦੇ ਕੰਢੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਜ਼ਰੂਰੀ ਸਮਾਨ ਤਿਆਰ ਰੱਖਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮਿਲਣ ਵਾਲੇ ਹੁਕਮਾਂ ਦੀ ਪਾਲਣਾ ਕਰਨ।
ਮੌਸਮੀ ਵਿਭਾਗ ਦੇ ਅਨੁਸਾਰ, ਅਗਲੇ ਕੁਝ ਘੰਟਿਆਂ ਵਿੱਚ ਵੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ। ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਸੁਰੱਖਿਅਤ ਥਾਵਾਂ ਉੱਤੇ ਸ਼ਰਨ ਲਈ ਤਿਆਰ ਰਹਿਣ।