ਚੰਡੀਗੜ੍ਹ ਵਿੱਚ ਸੁਖਨਾ ਲੇਕ ਦਾ ਪਾਣੀ ਬੇਕਾਬੂ, ਪੁਲ ਪਾਣੀ ਵਿੱਚ ਬਹਿ ਗਿਆ, ਸਕੂਲਾਂ ‘ਚ 7 ਸਤੰਬਰ ਤੱਕ ਛੁੱਟੀ ਐਲਾਨੀ…

ਚੰਡੀਗੜ੍ਹ: ਭਾਰੀ ਮੀਂਹ ਕਾਰਨ ਚੰਡੀਗੜ੍ਹ ਵਿੱਚ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਅੱਜ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੁਖਨਾ ਲੇਕ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ, ਲੇਕ ਦਾ ਪਾਣੀ ਪੱਧਰ 1162 ਫੁੱਟ ਤੱਕ ਵਧ ਗਿਆ ਹੈ, ਜੋ ਕਿ ਸੁਰੱਖਿਆ ਸੀਮਾ ਤੋਂ ਜ਼ਿਆਦਾ ਹੈ। ਇਸ ਸਥਿਤੀ ਨੂੰ ਕਾਬੂ ਕਰਨ ਲਈ ਅੱਜ ਸਵੇਰੇ 7 ਵਜੇ ਫਲੱਡ ਗੇਟ ਖੋਲ੍ਹਣ ਪਏ, ਪਰ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਗਿਆ ਕਿ ਸੁਖਨਾ ਲੇਕ ਤੋਂ ਫਲੱਡ ਗੇਟ ਜਾਣ ਵਾਲਾ ਪੁਲ ਹੀ ਪਾਣੀ ਵਿੱਚ ਬਹਿ ਗਿਆ। ਨਾ ਸਿਰਫ ਪੁਲ ਸਗੋਂ ਉਸ ਦੇ ਆਲੇ ਦੁਆਲੇ ਦੀ ਬਾਂਡਰੀ ਵੀ ਤਬਾਹ ਹੋ ਗਈ ਹੈ।

ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਭਾਰੀ ਬਾਰਿਸ਼ ਦੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰੀਆਂ ਦੇ ਮੁਤਾਬਕ, 7 ਸਤੰਬਰ ਤੱਕ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ। ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

ਮੀਂਹ ਕਾਰਨ ਹੋਏ ਹਾਦਸੇ
ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਗਰੀਬਦਾਸ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਕੰਧ ਢਹਿ ਗਈ। ਉਸ ਦੇ ਨੇੜੇ ਖੜੀ ਕਾਰ ‘ਤੇ ਵੀ ਇੱਟਾਂ ਡਿੱਗੀਆਂ, ਹਾਲਾਂਕਿ ਖੁਸ਼ਕਿਸਮਤੀ ਨਾਲ ਕਾਰ ਵਿੱਚ ਕੋਈ ਸਵਾਰ ਨਹੀਂ ਸੀ। ਇਸੇ ਤਰ੍ਹਾਂ ਸੈਕਟਰ 22 ਅਤੇ 20 ਨੂੰ ਜੋੜਦੀ ਸੜਕ ‘ਤੇ ਇੱਕ ਵੱਡਾ ਦਰੱਖਤ ਡਿੱਗ ਕੇ ਸੀਟੀਯੂ ਬੱਸ ‘ਤੇ ਆ ਡਿੱਗਿਆ। ਬੱਸ ਵਿੱਚ ਸਵਾਰੀਆਂ ਸਨ ਪਰ ਗੰਭੀਰ ਹਾਦਸਾ ਹੋਣ ਤੋਂ ਬਚ ਗਿਆ ਕਿਉਂਕਿ ਕਿਸੇ ਨੂੰ ਚੋਟ ਨਹੀਂ ਲੱਗੀ।

ਟ੍ਰੈਫਿਕ ਪ੍ਰਭਾਵਿਤ, ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰੀ ਬਾਰਿਸ਼ ਨਾਲ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਇਸ ਸਥਿਤੀ ਨੂੰ ਵੇਖਦਿਆਂ ਟ੍ਰੈਫਿਕ ਪੁਲਿਸ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਕੁਝ ਮੁੱਖ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਨ੍ਹਾਂ ਵਿੱਚ ਧਨਾਸ ਵਾਲਾ ਦੱਖਣ ਮਾਰਗ, ਆਈਐਸਬੀਟੀ-43 ਦੇ ਪਿੱਛੇ ਵਾਲੀ ਸੜਕ, ਸੈਕਟਰ-23ਡੀ ਦੀ ਦੱਖਣ ਮਾਰਗ, ਮੱਖਣ ਮਾਜਰਾ ਇਲਾਕਾ, ਸੈਕਟਰ 10 ਅਤੇ 11 ਨੂੰ ਵੰਡਣ ਵਾਲੀ ਸੜਕ ਅਤੇ ਸੈਕਟਰ-15ਏ ਅਤੇ 15ਬੀ ਦੀਆਂ ਗਲੀਆਂ ਸ਼ਾਮਲ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਰਸਤਿਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਅਤੇ ਜਿੱਥੇ ਸੰਭਵ ਹੋਵੇ ਉੱਥੇ ਵਿਕਲਪਿਕ ਰਸਤੇ ਵਰਤਣ।

ਚੰਡੀਗੜ੍ਹ ਪ੍ਰਸ਼ਾਸਨ ਅਤੇ ਰਾਹਤ ਬਚਾਅ ਟੀਮਾਂ ਹਾਲਾਤ ‘ਤੇ ਨਜ਼ਰ ਰੱਖ ਰਹੀਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ, ਘਰੋਂ ਬਾਹਰ ਬੇਵਜ੍ਹਾ ਨਾ ਨਿਕਲਣ ਅਤੇ ਐਮਰਜੈਂਸੀ ਹਾਲਾਤ ਵਿੱਚ ਤੁਰੰਤ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *