ਫਗਵਾੜਾ – ਸ਼ਹਿਰ ਦੇ ਰਤਨਪੁਰਾ ਇਲਾਕੇ ਵਿੱਚ ਕੌਮੀ ਰਾਜਮਾਰਗ ਨੰਬਰ 1 ‘ਤੇ ਸਥਿਤ ਮੋਬਾਈਲ ਦੀ ਇੱਕ ਦੁਕਾਨ ‘ਚ ਬੀਤੀ ਦੇਰ ਰਾਤ ਭਿਆਨਕ ਧਮਾਕੇ ਅਤੇ ਅੱਗ ਦੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਇਸ ਅਚਾਨਕ ਵਾਪਰੀ ਘਟਨਾ ‘ਚ ਦੁਕਾਨ ਮਾਲਕ ਜਗਦੀਸ਼ ਕੁਮਾਰ ਅਤੇ ਉਸਦਾ ਦੋਸਤ ਦੀਪਕ ਕੁਮਾਰ ਗੰਭੀਰ ਤੌਰ ‘ਤੇ ਝੁਲਸ ਗਏ। ਦੋਵੇਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ।
ਕਿਵੇਂ ਵਾਪਰੀ ਘਟਨਾ?
ਦੁਕਾਨ ਮਾਲਕ ਜਗਦੀਸ਼ ਕੁਮਾਰ ਵਾਸੀ ਵਿਕਾਸ ਨਗਰ ਨੇ ਹਸਪਤਾਲ ਵਿੱਚ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਬੈਠੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਿਹਾ ਸੀ, ਤਾਂ ਅਚਾਨਕ ਸਾਰੇ ਕੈਮਰੇ ਬੰਦ ਹੋ ਗਏ। ਸ਼ੱਕ ਹੋਣ ‘ਤੇ ਉਹ ਆਪਣੇ ਦੋਸਤ ਦੀਪਕ ਕੁਮਾਰ ਦੇ ਨਾਲ ਰਤਨਪੁਰਾ ਸਥਿਤ ਆਪਣੀ ਮੋਬਾਈਲ ਸ਼ਾਪ (ਐੱਨ ਐੱਸ ਮੋਬਾਈਲ ਸ਼ੋਪ) ਪਹੁੰਚਿਆ। ਉੱਥੇ ਪਹੁੰਚ ਕੇ ਉਸਨੇ ਦੇਖਿਆ ਕਿ ਦੁਕਾਨ ਦੇ ਅੰਦਰ ਭਿਆਨਕ ਅੱਗ ਲੱਗ ਚੁੱਕੀ ਸੀ।
ਜਗਦੀਸ਼ ਕੁਮਾਰ ਦੇ ਬਿਆਨ ਅਨੁਸਾਰ, ਜਿਵੇਂ ਹੀ ਉਹ ਦੁਕਾਨ ਦਾ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ, ਉਸ ਵੇਲੇ ਇੱਕ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਦੀ ਚਪੇਟ ‘ਚ ਆ ਕੇ ਉਹ ਅਤੇ ਉਸਦਾ ਦੋਸਤ ਬੁਰੀ ਤਰ੍ਹਾਂ ਝੁਲਸ ਗਏ। ਧਮਾਕੇ ਦੀ ਤਾਕਤ ਐਨੀ ਵੱਡੀ ਸੀ ਕਿ ਲਾਗੇ ਖੜੀ ਦੀਪਕ ਕੁਮਾਰ ਦੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ।
ਵੱਡਾ ਆਰਥਿਕ ਨੁਕਸਾਨ
ਦੁਕਾਨ ਮਾਲਕ ਮੁਤਾਬਕ, ਅੱਗ ਕਾਰਨ ਉਸਦੀ ਦੁਕਾਨ ਅੰਦਰ ਰੱਖਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਉਸਨੇ ਦੱਸਿਆ ਕਿ ਕਰੀਬ 30 ਤੋਂ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਵੱਡੀ ਗਿਣਤੀ ‘ਚ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਆਈਟਮ ਸ਼ਾਮਿਲ ਸਨ।
ਲੋਕਾਂ ਵਿੱਚ ਦਹਿਸ਼ਤ, ਫਾਇਰ ਬ੍ਰਿਗੇਡ ਦੀ ਕਾਰਵਾਈ
ਇਸ ਘਟਨਾ ਕਾਰਨ ਰਤਨਪੁਰਾ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ, ਤਾਂ ਅਚਾਨਕ ਧਮਾਕੇ ਦੀ ਤੇਜ਼ ਆਵਾਜ਼ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਘਬਰਾਏ ਹੋਏ ਲੋਕਾਂ ਨੇ ਤੁਰੰਤ ਫਗਵਾੜਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਘੰਟਿਆਂ ਦੀ ਕਾਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਨਹੀਂ ਤਾਂ ਅੱਗ ਨੇ ਨਜ਼ਦੀਕੀ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਣਾ ਸੀ।
ਪੁਲਿਸ ਵੱਲੋਂ ਜਾਂਚ ਜਾਰੀ
ਫਿਲਹਾਲ ਅੱਗ ਲੱਗਣ ਅਤੇ ਧਮਾਕੇ ਦੇ ਅਸਲੀ ਕਾਰਣਾਂ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ, ਇਲੈਕਟ੍ਰਿਕਲ ਸ਼ਾਰਟ ਸਰਕਿਟ ਜਾਂ ਕਿਸੇ ਹੋਰ ਤਕਨੀਕੀ ਖਰਾਬੀ ਨੂੰ ਧਮਾਕੇ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ, ਪਰ ਪੱਕੇ ਤੌਰ ‘ਤੇ ਕੁਝ ਕਹਿਣਾ ਜ਼ਰੂਰੀ ਜਾਂਚ ਤੋਂ ਬਾਅਦ ਹੀ ਸੰਭਵ ਹੋਵੇਗਾ।