ਪਟਨਾ – ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਸੋਮਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪ੍ਰਬੰਧਕ ਕਮੇਟੀ ਦੀ ਅਧਿਕਾਰਕ ਈਮੇਲ ਆਈਡੀ ’ਤੇ ਇੱਕ ਸੰਦੇਹਜਨਕ ਧਮਕੀ ਭਰਿਆ ਸੁਨੇਹਾ ਪ੍ਰਾਪਤ ਹੋਇਆ। ਇਸ ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਚਾਰ ਆਰਡੀਐਕਸ ਆਧਾਰਿਤ ਵਿਸਫੋਟਕ ਪਦਾਰਥ ਲਗਾਏ ਗਏ ਹਨ।
ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਗੁਰਦੁਆਰੇ ਦੇ ਸੁਪਰਡੈਂਟ, ਸਹਾਇਕ ਮੈਨੇਜਰ ਅਤੇ ਆਈਟੀ ਸੈੱਲ ਨਾਲ ਜੁੜੇ ਸਾਰੇ ਅਧਿਕਾਰੀ ਤੁਰੰਤ ਐਕਸ਼ਨ ਵਿੱਚ ਆ ਗਏ। ਕਮੇਟੀ ਨੇ ਇਸ ਧਮਕੀ ਦੀ ਜਾਣਕਾਰੀ ਤੁਰੰਤ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।
ਇਸ ਤੋਂ ਬਾਅਦ ਮੌਕੇ ’ਤੇ ਬੰਬ ਸਕੁਐਡ, ਸਰਚ ਟੀਮ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਪਹੁੰਚੀਆਂ ਅਤੇ ਲੰਗਰ ਹਾਲ ਸਮੇਤ ਪੂਰੇ ਗੁਰਦੁਆਰੇ ਪ੍ਰੰਗਣ ਦੀ ਤਲਾਸ਼ੀ ਮੁਹਿੰਮ ਚਲਾਈ ਗਈ। ਲੰਬੇ ਸਮੇਂ ਤੱਕ ਚੱਲੇ ਸੁਰੱਖਿਆ ਤਲਾਸ਼ੀ ਓਪਰੇਸ਼ਨ ਦੌਰਾਨ ਕੋਈ ਵੀ ਸੰਦੇਹਜਨਕ ਪਦਾਰਥ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ। ਹਾਲਾਂਕਿ, ਗੁਰਦੁਆਰੇ ਦੇ ਅੰਦਰ ਤੇ ਬਾਹਰ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੇ ਕਿਹਾ ਕਿ ਇਹ ਧਮਕੀ ਮੇਲ ਬਹੁਤ ਗੰਭੀਰ ਮਾਮਲਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇਥੋਂ ਸ਼ਹੀਦੀ ਜਾਗ੍ਰਿਤੀ ਯਾਤਰਾ ਨਿਕਲਣੀ ਹੈ ਜਿਸ ਵਿੱਚ ਬਿਹਾਰ ਦੇ ਮੁੱਖ ਮੰਤਰੀ, ਪੂਰਾ ਮੰਤਰੀ ਮੰਡਲ, ਕਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ-ਨਾਲ ਦੇਸ਼ ਤੇ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਸ਼ਾਮਲ ਹੋਣਗੇ। ਅਜਿਹੇ ਸਮੇਂ ’ਚ ਮਿਲ ਰਹੀਆਂ ਧਮਕੀਆਂ ਗੰਭੀਰ ਚਿੰਤਾ ਦਾ ਕਾਰਨ ਹਨ।
ਇਸ ਸਬੰਧੀ ਡੀਐਸਪੀ-2 ਡਾ. ਗੌਰਵ ਕੁਮਾਰ ਨੇ ਪੁਸ਼ਟੀ ਕੀਤੀ ਕਿ ਪ੍ਰਬੰਧਕ ਕਮੇਟੀ ਨੂੰ ਧਮਕੀਭਰਾ ਮੇਲ ਮਿਲਿਆ ਹੈ ਜਿਸ ਵਿੱਚ ਲੰਗਰ ਹਾਲ ਦੇ ਨੇੜੇ ਆਰਡੀਐਕਸ ਹੋਣ ਦੀ ਗੱਲ ਲਿਖੀ ਗਈ ਸੀ। ਇਹ ਮੇਲ ਫ਼ਿਲਹਾਲ ਸਾਈਬਰ ਸੈੱਲ ਨੂੰ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਕੌਣ ਹੈ ਅਤੇ ਭੇਜਣ ਵਾਲੇ ਦੀ ਅਸਲੀ ਨੀਅਤ ਕੀ ਸੀ।
ਪ੍ਰਸ਼ਾਸਨ ਨੇ ਇਸ ਘਟਨਾ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਹਰ ਆਉਣ-ਜਾਣ ਵਾਲੇ ਵਿਅਕਤੀ ’ਤੇ ਨਿਗਰਾਨੀ ਹੋਰ ਕੜੀ ਕਰ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ।