ਚੰਡੀਗੜ੍ਹ : ਨੀਂਦ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਵਧੀਆ ਅਤੇ ਡੂੰਘੀ ਨੀਂਦ ਸਾਡੇ ਸਰੀਰ ਅਤੇ ਦਿਮਾਗ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਤੁਸੀਂ ਅਕਸਰ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਕਮਰੇ ਵਿੱਚ ਪੂਰਾ ਹਨ੍ਹੇਰਾ ਹੁੰਦਾ ਹੈ, ਤਾਂ ਨੀਂਦ ਆਸਾਨੀ ਨਾਲ ਆ ਜਾਂਦੀ ਹੈ, ਪਰ ਜਦੋਂ ਰੌਸ਼ਨੀ ਹੋਵੇ ਤਾਂ ਨੀਂਦ ਟੁੱਟ ਜਾਂਦੀ ਹੈ ਜਾਂ ਫਿਰ ਆਉਣ ਵਿੱਚ ਮੁਸ਼ਕਲ ਹੁੰਦੀ ਹੈ। ਇਹ ਸਿਰਫ਼ ਸਾਡਾ ਤਜ਼ਰਬਾ ਨਹੀਂ, ਬਲਕਿ ਵਿਗਿਆਨਕ ਤੱਥਾਂ ਨਾਲ ਵੀ ਜੁੜਿਆ ਹੋਇਆ ਹੈ।
ਸਰਕੇਡੀਅਨ ਰਿਦਮ ਤੇ ਮੇਲਾਟੋਨਿਨ ਦਾ ਰੋਲ
ਸਲੀਪ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ, ਸਾਡਾ ਸਰੀਰ ਇੱਕ ਕੁਦਰਤੀ ਜੈਵਿਕ ਘੜੀ ਦੇ ਅਧੀਨ ਕੰਮ ਕਰਦਾ ਹੈ, ਜਿਸਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ। ਇਹ 24 ਘੰਟਿਆਂ ਦਾ ਇੱਕ ਚੱਕਰ ਹੈ ਜੋ ਦਿਨ ਅਤੇ ਰਾਤ ਵਿੱਚ ਫ਼ਰਕ ਪਛਾਣਣ ਵਿੱਚ ਮਦਦ ਕਰਦਾ ਹੈ। ਜਦੋਂ ਹਨ੍ਹੇਰਾ ਹੁੰਦਾ ਹੈ, ਤਾਂ ਸਾਡਾ ਸਰੀਰ ਮੇਲਾਟੋਨਿਨ ਹਾਰਮੋਨ ਪੈਦਾ ਕਰਦਾ ਹੈ, ਜੋ ਨੀਂਦ ਨੂੰ ਪ੍ਰੇਰਿਤ ਕਰਦਾ ਹੈ। ਇਹ ਹਾਰਮੋਨ ਸਾਨੂੰ ਸ਼ਾਂਤ, ਆਰਾਮਦਾਇਕ ਅਤੇ ਨੀਂਦ ਲਈ ਤਿਆਰ ਕਰਦਾ ਹੈ।
ਪਰ ਜਦੋਂ ਰੌਸ਼ਨੀ ਹੁੰਦੀ ਹੈ, ਖ਼ਾਸ ਕਰਕੇ ਰਾਤ ਦੇ ਸਮੇਂ, ਤਾਂ ਇਹ ਜੈਵਿਕ ਘੜੀ ਦਿਨ ਦਾ ਸੰਕੇਤ ਦੇਂਦੀ ਹੈ ਅਤੇ ਮੇਲਾਟੋਨਿਨ ਦਾ ਉਤਪਾਦਨ ਘਟ ਜਾਂਦਾ ਹੈ। ਇਸ ਨਾਲ ਸਾਡੀ ਨੀਂਦ ਵਿੱਚ ਵਿਘਨ ਪੈਦਾ ਹੁੰਦਾ ਹੈ।
ਰੌਸ਼ਨੀ ਨਾਲ ਨੀਂਦ ਕਿਵੇਂ ਪ੍ਰਭਾਵਿਤ ਹੁੰਦੀ ਹੈ?
- ਜੇਕਰ ਰਾਤ ਨੂੰ ਕਮਰੇ ਵਿੱਚ ਹੌਲੀ ਜਾਂ ਤੇਜ਼ ਰੌਸ਼ਨੀ ਹੋਵੇ, ਤਾਂ ਸੌਣ ਵਿੱਚ ਮੁਸ਼ਕਲ ਆਉਂਦੀ ਹੈ।
- ਧੁੱਪ ਜਾਂ ਚਮਕਦਾਰ ਰੌਸ਼ਨੀ ਕਾਰਨ ਮੇਲਾਟੋਨਿਨ ਘੱਟ ਹੋ ਜਾਂਦਾ ਹੈ, ਜਿਸ ਨਾਲ ਨੀਂਦ ਵਿੱਚ ਰੁਕਾਵਟ ਆਉਂਦੀ ਹੈ।
- ਦਿਨ ਵਿੱਚ ਸੌਣ ਦੌਰਾਨ ਅਕਸਰ ਵਾਰ-ਵਾਰ ਅੱਖ ਖੁੱਲਣ ਦੀ ਸਮੱਸਿਆ ਹੁੰਦੀ ਹੈ।
ਹਨੇਰਾ ਮਾਨਸਿਕ ਸ਼ਾਂਤੀ ਦਾ ਕਾਰਨ
ਹਨੇਰੇ ਵਿੱਚ ਸਿਰਫ਼ ਸਰੀਰ ਹੀ ਨਹੀਂ, ਦਿਮਾਗ ਵੀ ਆਰਾਮ ਮਹਿਸੂਸ ਕਰਦਾ ਹੈ। ਹਨ੍ਹੇਰੇ ਨਾਲ ਦਿਮਾਗ ਨੂੰ ਸੰਕੇਤ ਮਿਲਦਾ ਹੈ ਕਿ ਹੁਣ ਆਰਾਮ ਕਰਨ ਦਾ ਸਮਾਂ ਹੈ। ਇਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਡੂੰਘੀ ਨੀਂਦ ਆਉਂਦੀ ਹੈ। ਦੂਜੇ ਪਾਸੇ, ਰੌਸ਼ਨੀ ਦਿਮਾਗ ਨੂੰ ਸਰਗਰਮ ਰੱਖਦੀ ਹੈ, ਜਿਸ ਨਾਲ ਨੀਂਦ ਵਾਰ-ਵਾਰ ਟੁੱਟ ਸਕਦੀ ਹੈ।
ਸਮਾਰਟਫੋਨ ਅਤੇ ਨੀਲੀ ਰੌਸ਼ਨੀ ਦਾ ਨੁਕਸਾਨ
ਅੱਜਕੱਲ੍ਹ ਲੋਕ ਸੌਣ ਤੋਂ ਪਹਿਲਾਂ ਸਮਾਰਟਫੋਨ, ਲੈਪਟਾਪ ਅਤੇ ਟੀਵੀ ਵਰਤਦੇ ਹਨ। ਇਹ ਸਾਰੇ ਉਪਕਰਣ ਨੀਲੀ ਰੌਸ਼ਨੀ ਛੱਡਦੇ ਹਨ, ਜੋ ਮੇਲਾਟੋਨਿਨ ਦੇ ਉਤਪਾਦਨ ਨੂੰ ਘਟਾ ਦਿੰਦੀ ਹੈ। ਇਸ ਨਾਲ ਨੀਂਦ ਦੇਰੀ ਨਾਲ ਆਉਂਦੀ ਹੈ, ਨੀਂਦ ਦੀ ਗੁਣਵੱਤਾ ਘਟਦੀ ਹੈ ਅਤੇ ਅਗਲੇ ਦਿਨ ਥਕਾਵਟ ਮਹਿਸੂਸ ਹੁੰਦੀ ਹੈ।
ਕੀ ਕਰਨਾ ਚਾਹੀਦਾ ਹੈ?
- ਸੌਣ ਤੋਂ ਪਹਿਲਾਂ ਕਮਰੇ ਦੀਆਂ ਲਾਈਟਾਂ ਬੰਦ ਕਰੋ।
- ਮੋਬਾਈਲ ਜਾਂ ਲੈਪਟਾਪ ਦੀ ਵਰਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਬੰਦ ਕਰੋ।
- ਹਨੇਰੇ ਅਤੇ ਸ਼ਾਂਤ ਮਾਹੌਲ ਵਿੱਚ ਸੌਣ ਦੀ ਆਦਤ ਬਣਾਓ।
👉 ਇਸ ਤਰ੍ਹਾਂ, ਹਨ੍ਹੇਰੇ ਵਿੱਚ ਸੌਣਾ ਸਿਰਫ਼ ਇੱਕ ਆਦਤ ਨਹੀਂ, ਸਗੋਂ ਸਾਡੀ ਸਿਹਤ ਅਤੇ ਨੀਂਦ ਦੀ ਗੁਣਵੱਤਾ ਲਈ ਬਹੁਤ ਜ਼ਰੂਰੀ ਹੈ।