ਲੁਧਿਆਣਾ : ਪੰਜਾਬ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਹੋਈ ਲਗਾਤਾਰ ਭਾਰੀ ਬਾਰਿਸ਼ ਅਤੇ ਇਸ ਨਾਲ ਵਾਪਰਿਆ ਹੜ੍ਹ ਦਾ ਕਹਿਰ ਹੁਣ ਸੂਬੇ ਲਈ ਵੱਡੀ ਚੁਣੌਤੀ ਬਣ ਚੁੱਕਾ ਹੈ। ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲਾਂ ਪਾਣੀ ਹੇਠਾਂ ਆ ਗਈਆਂ ਹਨ, ਘਰ ਢਹਿ ਗਏ ਹਨ ਅਤੇ ਪਿੰਡਾਂ-ਕਸਬਿਆਂ ਦੀ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਹਜ਼ਾਰਾਂ ਪਰਿਵਾਰ ਇਸ ਕੁਦਰਤੀ ਆਫ਼ਤ ਕਾਰਣ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨ ਲਈ ਮਜਬੂਰ ਹੋਏ ਹਨ।
ਇਸ ਗੰਭੀਰ ਸਥਿਤੀ ਨੂੰ ਵੇਖਦਿਆਂ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਨੇ ਪੰਜਾਬ ਵਿਧਾਨ ਸਭਾ ਦਾ ਐਮਰਜੈਂਸੀ ਇਜਲਾਸ ਤੁਰੰਤ ਬੁਲਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਵਿਸ਼ੇਸ਼ ਚਿੱਠੀ ਲਿਖੀ ਗਈ ਹੈ। ਇਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਹੜ੍ਹਾਂ ਨਾਲ ਬਣੀ ਭਿਆਨਕ ਸਥਿਤੀ ਉੱਤੇ ਵਿਧਾਨ ਸਭਾ ਅੰਦਰ ਤੁਰੰਤ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਤਾਂ ਜੋ ਪੀੜਤ ਲੋਕਾਂ ਲਈ ਰਾਹਤ ਯੋਜਨਾ ਤੇਜ਼ੀ ਨਾਲ ਲਾਗੂ ਕੀਤੀ ਜਾ ਸਕੇ।
ਵਿਧਾਇਕ ਇਯਾਲੀ ਨੇ ਕਿਹਾ ਕਿ ਸੂਬੇ ਵਿੱਚ ਆਏ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ, ਸੰਪਤੀ, ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਪਾਣੀ ਵਿੱਚ ਵਹਿ ਗਈ ਹੈ ਅਤੇ ਕਈ ਪਰਿਵਾਰਾਂ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੋ ਗਈ ਹੈ। ਪਿੰਡਾਂ ਦੇ ਪਿੰਡ ਡੁੱਬੇ ਪਏ ਹਨ, ਸਾਫ਼ ਪੀਣ ਵਾਲਾ ਪਾਣੀ ਮਿਲਣਾ ਮੁਸ਼ਕਲ ਹੋ ਗਿਆ ਹੈ ਅਤੇ ਕਈ ਥਾਵਾਂ ‘ਤੇ ਸਿਹਤ ਸੰਬੰਧੀ ਖ਼ਤਰੇ ਵੀ ਪੈਦਾ ਹੋ ਰਹੇ ਹਨ।
ਇਸੇ ਲਈ ਇਯਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਤੁਰੰਤ ਕਾਰਵਾਈ ਕਰਦਿਆਂ ਇਕ ਵਿਸਤ੍ਰਿਤ ਰਾਹਤ ਅਤੇ ਪੁਨਰਵਾਸ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਵਿਧਾਨ ਸਭਾ ਦੇ ਐਮਰਜੈਂਸੀ ਇਜਲਾਸ ਵਿੱਚ ਹੜ੍ਹਾਂ ਦੇ ਕਾਰਨ, ਇਸ ਦੇ ਪ੍ਰਭਾਵ ਅਤੇ ਆਉਣ ਵਾਲੇ ਸਮੇਂ ਵਿੱਚ ਐਸੀ ਸਥਿਤੀਆਂ ਤੋਂ ਨਜਿੱਠਣ ਲਈ ਲੰਬੀ ਮਿਆਦ ਦੀ ਨੀਤੀ ਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇਕ ਕੁਦਰਤੀ ਆਫ਼ਤ ਹੀ ਨਹੀਂ, ਬਲਕਿ ਸੂਬੇ ਦੇ ਭਵਿੱਖ ਲਈ ਇਕ ਵੱਡੀ ਚੇਤਾਵਨੀ ਵੀ ਹੈ। ਇਸ ਲਈ ਹੁਣ ਦੇਰ ਨਾ ਕਰਦਿਆਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰ ਨੂੰ ਇਕਜੁੱਟ ਹੋ ਕੇ ਠੋਸ ਕਦਮ ਚੁੱਕਣੇ ਪੈਣਗੇ।