ਨੈਸ਼ਨਲ ਡੈਸਕ: ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲ ਗਿਆ ਹੈ। ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇਕ ਵਿਸ਼ਾਲ ਸਮਾਰੋਹ ਦੌਰਾਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਦਿਵਾਈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਚੋਣ ਸੰਬੰਧੀ ਸਰਟੀਫਿਕੇਟ ਪੜ੍ਹ ਕੇ ਸੁਣਾਇਆ ਗਿਆ।
ਸਹੁੰ ਸਮਾਰੋਹ ਵਿੱਚ ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਅਤੇ ਸੰਸਦੀ ਹਸਤੀਆਂ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਵੈਂਕਈਆ ਨਾਇਡੂ, ਹਾਮਿਦ ਅੰਸਾਰੀ, ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੇ.ਪੀ. ਨੱਡਾ ਸਮੇਤ ਕਈ ਹੋਰ ਮੰਤਰੀ, ਸਾਂਸਦ ਅਤੇ ਵਿਸ਼ੇਸ਼ ਮਹਿਮਾਨ ਵੀ ਹਾਜ਼ਰ ਰਹੇ।
ਚੋਣਾਂ ਵਿੱਚ ਮਿਲੀ ਵੱਡੀ ਜਿੱਤ
ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਈ ਸੀ। ਇਹ ਚੋਣ ਤਦ ਕਰਵਾਈ ਗਈ ਜਦੋਂ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਸੀ। ਰਾਧਾਕ੍ਰਿਸ਼ਨਨ, ਜੋ ਕਿ ਕੇਂਦਰ ਦੀ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੇ ਉਮੀਦਵਾਰ ਸਨ, ਨੇ ਵਿਰੋਧੀ ਉਮੀਦਵਾਰ ਬੀ. ਸੁਦਰਸ਼ਨ ਰੈਡੀ ਨੂੰ 152 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਜਿੱਤ ਦੇ ਐਲਾਨ ਤੋਂ ਬਾਅਦ ਉਹ ਉਪ ਰਾਸ਼ਟਰਪਤੀ ਚੁਣੇ ਗਏ।
ਰਾਧਾਕ੍ਰਿਸ਼ਨਨ ਦੀ ਰਾਜਨੀਤਿਕ ਯਾਤਰਾ
ਰਾਧਾਕ੍ਰਿਸ਼ਨਨ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਸਨ। ਉਨ੍ਹਾਂ ਨੇ ਵੀਰਵਾਰ ਨੂੰ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਨੂੰ ਮਹਾਰਾਸ਼ਟਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
4 ਮਈ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਸੀਪੀ ਰਾਧਾਕ੍ਰਿਸ਼ਨਨ ਵਪਾਰ ਪ੍ਰਸ਼ਾਸਨ ਵਿੱਚ ਗ੍ਰੈਜੂਏਟ ਹਨ। ਉਨ੍ਹਾਂ ਨੇ ਆਪਣਾ ਜਨਤਕ ਜੀਵਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਇੱਕ ਵਲੰਟੀਅਰ ਵਜੋਂ ਸ਼ੁਰੂ ਕੀਤਾ ਸੀ। ਲੰਬੇ ਸਮੇਂ ਤੱਕ ਸੰਗਠਨ ਨਾਲ ਜੁੜੇ ਰਹਿਣ ਤੋਂ ਬਾਅਦ ਹੁਣ ਉਹ ਦੇਸ਼ ਦੇ ਉਪ ਰਾਸ਼ਟਰਪਤੀ ਦੇ ਤੌਰ ਤੇ ਸੇਵਾ ਕਰਨ ਜਾ ਰਹੇ ਹਨ।
ਧਨਖੜ 53 ਦਿਨ ਬਾਅਦ ਆਏ ਸਾਹਮਣੇ
ਇਸ ਸਮਾਰੋਹ ਦਾ ਇੱਕ ਖ਼ਾਸ ਪੱਖ ਇਹ ਵੀ ਰਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਲਗਭਗ 53 ਦਿਨ ਬਾਅਦ ਜਨਤਕ ਤੌਰ ‘ਤੇ ਨਜ਼ਰ ਆਏ। ਉਨ੍ਹਾਂ ਨੇ 21 ਜੁਲਾਈ ਨੂੰ ਅਚਾਨਕ ਅਸਤੀਫਾ ਦਿੱਤਾ ਸੀ।
ਇਸ ਤਰ੍ਹਾਂ, ਦੇਸ਼ ਦੇ ਸਵਿਧਾਨੀਕ ਢਾਂਚੇ ਵਿੱਚ ਇਕ ਵਾਰ ਫਿਰ ਨਵਾਂ ਪੰਨਾ ਸ਼ੁਰੂ ਹੋਇਆ ਹੈ। ਰਾਧਾਕ੍ਰਿਸ਼ਨਨ ਦੇ ਉਪ ਰਾਸ਼ਟਰਪਤੀ ਬਣਨ ਨਾਲ ਨਾ ਸਿਰਫ਼ ਤਾਮਿਲਨਾਡੂ ਦੇ ਲੋਕਾਂ ਨੂੰ ਗੌਰਵ ਮਹਿਸੂਸ ਹੋਇਆ ਹੈ, ਬਲਕਿ ਰਾਸ਼ਟਰੀ ਰਾਜਨੀਤੀ ਵਿੱਚ ਵੀ ਇਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ।