ਇਨ੍ਹਾਂ 7 ਬਿਮਾਰੀਆਂ ਕਾਰਨ ਵਾਰ-ਵਾਰ ਹੁੰਦਾ ਹੈ ਬੁਖਾਰ, ਲੱਛਣ ਅਣਦੇਖੇ ਨਾ ਕਰੋ – ਤੁਰੰਤ ਕਰੋ ਡਾਕਟਰੀ ਜਾਂਚ…

ਚੰਡੀਗੜ੍ਹ/ਨੈਸ਼ਨਲ ਡੈਸਕ – ਬੁਖਾਰ ਆਉਣਾ ਇੱਕ ਆਮ ਗੱਲ ਹੈ ਅਤੇ ਹਰ ਕੋਈ ਕਦੇ ਨਾ ਕਦੇ ਇਸ ਨਾਲ ਗੁਜ਼ਰਦਾ ਹੈ। ਪਰ ਜੇਕਰ ਇਹ ਬੁਖਾਰ ਬਾਰ-ਬਾਰ ਹੋਣ ਲੱਗ ਜਾਵੇ, ਤਾਂ ਇਸਨੂੰ ਹੱਲਕਾ ਨਹੀਂ ਲੈਣਾ ਚਾਹੀਦਾ। ਅਕਸਰ ਲੋਕ ਮੌਸਮ ਬਦਲਾਅ ਜਾਂ ਥਕਾਵਟ ਨੂੰ ਇਸ ਦਾ ਕਾਰਨ ਮੰਨ ਕੇ ਲਾਪਰਵਾਹੀ ਕਰਦੇ ਹਨ, ਪਰ ਸਰੀਰ ਜਦੋਂ ਵਾਰ-ਵਾਰ ਤਾਪਮਾਨ ਵਧਾ ਕੇ ਸੰਕੇਤ ਦੇ ਰਿਹਾ ਹੁੰਦਾ ਹੈ, ਤਾਂ ਇਹ ਕਿਸੇ ਅੰਦਰੂਨੀ ਬਿਮਾਰੀ ਦੀ ਚੇਤਾਵਨੀ ਹੋ ਸਕਦੀ ਹੈ। ਮਾਹਿਰ ਡਾਕਟਰਾਂ ਦੇ ਅਨੁਸਾਰ, ਵਾਰ-ਵਾਰ ਹੋਣ ਵਾਲਾ ਬੁਖਾਰ ਸਰੀਰ ਦੀ ਰੋਗ-ਰੋਕੂ ਪ੍ਰਣਾਲੀ ਵਿੱਚ ਗੜਬੜ ਜਾਂ ਕਿਸੇ ਖਾਸ ਇਨਫੈਕਸ਼ਨ ਦਾ ਸੰਕੇਤ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਅੰਤਰਾਲ ਵਿੱਚ ਬਾਰ-ਬਾਰ ਬੁਖਾਰ ਹੋ ਰਿਹਾ ਹੈ, ਤਾਂ ਉਸਨੂੰ ਲਾਜ਼ਮੀ ਤੌਰ ‘ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਕਿਉਂਕਿ ਇਹ ਛੋਟੀ ਜਿਹੀ ਲੱਛਣ ਵੱਡੀ ਬਿਮਾਰੀ ਵਿੱਚ ਤਬਦੀਲ ਹੋ ਸਕਦੀ ਹੈ।

ਵਾਰ-ਵਾਰ ਬੁਖਾਰ ਹੋਣ ਦੇ 7 ਵੱਡੇ ਕਾਰਨ:

1. ਡੇਂਗੂ
ਡੇਂਗੂ ਮੱਛਰਾਂ ਰਾਹੀਂ ਫੈਲਣ ਵਾਲਾ ਵਾਇਰਲ ਇਨਫੈਕਸ਼ਨ ਹੈ, ਜੋ ਖਾਸਕਰ ਬਰਸਾਤੀ ਮੌਸਮ ਵਿੱਚ ਵਧਦਾ ਹੈ। ਇਸ ਵਿੱਚ ਅਚਾਨਕ ਤੇਜ਼ ਬੁਖਾਰ, ਸਰੀਰ ਦਰਦ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ ਅਤੇ ਪਲੇਟਲੈਟਸ ਦੀ ਗਿਣਤੀ ਘਟਣਾ ਆਮ ਲੱਛਣ ਹਨ। ਕਈ ਵਾਰ ਬੁਖਾਰ ਠੀਕ ਹੋਣ ਤੋਂ ਬਾਅਦ ਵੀ ਇਹ ਮੁੜ ਵਾਪਸ ਆ ਸਕਦਾ ਹੈ। ਸਮੇਂ ਸਿਰ ਟੈਸਟ ਅਤੇ ਇਲਾਜ ਨਾਲ ਹੀ ਮਰੀਜ਼ ਦੀ ਜ਼ਿੰਦਗੀ ਬਚ ਸਕਦੀ ਹੈ।

2. ਟਾਈਫਾਈਡ
ਗੰਦੇ ਪਾਣੀ ਅਤੇ ਖਰਾਬ ਖਾਣੇ ਕਾਰਨ ਪੈਦਾ ਹੋਣ ਵਾਲਾ ਟਾਈਫਾਈਡ ਵੀ ਵਾਰ-ਵਾਰ ਬੁਖਾਰ ਦਾ ਕਾਰਨ ਹੈ। ਇਸ ਵਿੱਚ ਬੁਖਾਰ ਹੌਲੀ-ਹੌਲੀ ਵਧਦਾ ਹੈ ਅਤੇ ਦਿਨਾਂ ਤੱਕ ਲੱਗਾਤਾਰ ਰਹਿੰਦਾ ਹੈ। ਪੇਟ ਦਰਦ, ਉਲਟੀਆਂ, ਸਿਰ ਦਰਦ ਅਤੇ ਭੁੱਖ ਘਟਣਾ ਇਸਦੇ ਹੋਰ ਲੱਛਣ ਹਨ। ਇਲਾਜ ਨਾ ਕਰਨ ‘ਤੇ ਇਹ ਅੰਤੜੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।

3. ਯੂਟੀਆਈ (ਯੂਰੀਨਰੀ ਟ੍ਰੈਕਟ ਇਨਫੈਕਸ਼ਨ)
ਖਾਸਕਰ ਔਰਤਾਂ ਵਿੱਚ ਆਮ ਮਿਲਣ ਵਾਲੀ ਇਹ ਬਿਮਾਰੀ ਵੀ ਹਲਕੇ ਜਾਂ ਤੇਜ਼ ਬੁਖਾਰ ਦਾ ਕਾਰਨ ਬਣਦੀ ਹੈ। ਯੂਟੀਆਈ ਵਿੱਚ ਪਿਸ਼ਾਬ ਦੌਰਾਨ ਜਲਣ, ਵਾਰ-ਵਾਰ ਪਿਸ਼ਾਬ ਆਉਣਾ ਅਤੇ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਆਮ ਸਮੱਸਿਆਵਾਂ ਹਨ। ਜੇਕਰ ਸਮੇਂ ਸਿਰ ਐਂਟੀਬਾਇਓਟਿਕ ਇਲਾਜ ਨਾ ਕੀਤਾ ਜਾਵੇ, ਤਾਂ ਇਹ ਗੁਰਦੇ ਤੱਕ ਪਹੁੰਚ ਕੇ ਵੱਡੀ ਬਿਮਾਰੀ ਦਾ ਰੂਪ ਧਾਰ ਸਕਦੀ ਹੈ।

4. ਟੀ.ਬੀ. (ਟਿਊਬਰਕਲੋਸਿਸ)
ਟੀ.ਬੀ. ਇੱਕ ਬੈਕਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਹੈ ਜੋ ਜ਼ਿਆਦਾਤਰ ਫੇਫੜਿਆਂ ‘ਤੇ ਹਮਲਾ ਕਰਦੀ ਹੈ। ਇਸ ਵਿੱਚ ਸ਼ਾਮ ਜਾਂ ਰਾਤ ਦੇ ਸਮੇਂ ਹਲਕਾ ਬੁਖਾਰ, ਲਗਾਤਾਰ ਖੰਘ, ਖੂਨ ਆਉਣਾ, ਭਾਰ ਘਟਣਾ ਅਤੇ ਰਾਤ ਨੂੰ ਬਹੁਤ ਪਸੀਨਾ ਆਉਣਾ ਆਮ ਲੱਛਣ ਹਨ। ਟੀ.ਬੀ. ਦਾ ਇਲਾਜ ਲੰਬਾ ਹੁੰਦਾ ਹੈ, ਪਰ ਸ਼ੁਰੂਆਤੀ ਪੜਾਅ ਵਿੱਚ ਇਲਾਜ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ।

5. ਮਲੇਰੀਆ
ਮੱਛਰ ਦੇ ਕੱਟਣ ਨਾਲ ਫੈਲਣ ਵਾਲਾ ਮਲੇਰੀਆ ਵਾਰ-ਵਾਰ ਬੁਖਾਰ ਦਾ ਵੱਡਾ ਕਾਰਨ ਹੈ। ਇਸ ਵਿੱਚ ਬੁਖਾਰ ਨਾਲ ਕੰਬਣ, ਬਹੁਤ ਪਸੀਨਾ ਆਉਣਾ ਅਤੇ ਹਰ 48 ਜਾਂ 72 ਘੰਟਿਆਂ ‘ਚ ਬੁਖਾਰ ਦਾ ਮੁੜ ਆਉਣਾ ਆਮ ਗੱਲ ਹੈ। ਦੇਰੀ ਨਾਲ ਇਲਾਜ ਕਰਨ ‘ਤੇ ਇਹ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦਾ ਹੈ।

6. ਬਰੂਸੈਲੋਸਿਸ
ਇਹ ਬਿਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ, ਖਾਸਕਰ ਕੱਚੇ ਦੁੱਧ ਜਾਂ ਅਧ-ਪੱਕੇ ਮਾਸ ਦੇ ਸੇਵਨ ਨਾਲ। ਇਸ ਵਿੱਚ ਵਾਰ-ਵਾਰ ਬੁਖਾਰ, ਮਾਸਪੇਸ਼ੀਆਂ ਦਾ ਦਰਦ, ਬਹੁਤ ਪਸੀਨਾ ਆਉਣਾ ਅਤੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ ਸ਼ਾਮਲ ਹੈ। ਹਾਲਾਂਕਿ ਇਹ ਆਮ ਨਹੀਂ ਹੈ, ਪਰ ਡੇਅਰੀ ਅਤੇ ਪਸ਼ੂ ਪਾਲਣ ਨਾਲ ਜੁੜੇ ਲੋਕਾਂ ਵਿੱਚ ਇਹ ਜ਼ਿਆਦਾ ਪਾਈ ਜਾਂਦੀ ਹੈ।

7. ਲੂਪਸ
ਲੂਪਸ ਇੱਕ ਆਟੋ-ਇਮਿਊਨ ਬਿਮਾਰੀ ਹੈ, ਜਿਸ ਵਿੱਚ ਸਰੀਰ ਦੀ ਰੱਖਿਆ ਪ੍ਰਣਾਲੀ ਆਪਣੇ ਹੀ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗਦੀ ਹੈ। ਇਸ ਨਾਲ ਮਰੀਜ਼ ਨੂੰ ਵਾਰ-ਵਾਰ ਹਲਕਾ ਬੁਖਾਰ ਹੋਣਾ, ਜੋੜਾਂ ਵਿੱਚ ਦਰਦ, ਚਮੜੀ ‘ਤੇ ਚੱਕਤੇ ਅਤੇ ਥਕਾਵਟ ਆਮ ਲੱਛਣ ਹਨ। ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ, ਪਰ ਸਹੀ ਇਲਾਜ ਅਤੇ ਜੀਵਨ-ਸ਼ੈਲੀ ਨਾਲ ਕੰਟਰੋਲ ਵਿੱਚ ਰੱਖੀ ਜਾ ਸਕਦੀ ਹੈ।


👉 ਮਾਹਿਰਾਂ ਦੀ ਸਲਾਹ:
ਜੇਕਰ ਤੁਹਾਨੂੰ ਵਾਰ-ਵਾਰ ਬੁਖਾਰ ਹੋ ਰਿਹਾ ਹੈ ਅਤੇ ਨਾਲ ਹੀ ਇਹ ਲੱਛਣ ਵੀ ਦਿਖ ਰਹੇ ਹਨ, ਤਾਂ ਖੁਦ ਦਵਾਈ ਖਾਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਰੀਰ ਦੀ ਛੋਟੀ ਜਿਹੀ ਚੇਤਾਵਨੀ ਕਈ ਵਾਰ ਵੱਡੀ ਬਿਮਾਰੀ ਨੂੰ ਰੋਕਣ ਦਾ ਮੌਕਾ ਬਣ ਸਕਦੀ ਹੈ।

Leave a Reply

Your email address will not be published. Required fields are marked *