ਕੋਲਕਾਤਾ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਸਤੰਬਰ, ਸੋਮਵਾਰ ਨੂੰ ਕੋਲਕਾਤਾ ਪਹੁੰਚ ਰਹੇ ਹਨ, ਜਿੱਥੇ ਉਹ ਹਥਿਆਰਬੰਦ ਬਲਾਂ ਦੇ ਤਿੰਨ ਦਿਨਾਂ ਲੰਬੇ ਸੰਯੁਕਤ ਕਮਾਂਡਰ ਸੰਮੇਲਨ ਦਾ ਵਿਧਿਵਤ ਉਦਘਾਟਨ ਕਰਨਗੇ। ਇਹ ਮਹੱਤਵਪੂਰਨ ਬੈਠਕ ਭਾਰਤੀ ਫੌਜ ਦੇ ਪੂਰਬੀ ਕਮਾਂਡ ਹੈੱਡਕੁਆਰਟਰ ਵਿਜੇ ਦੁਰਗ (ਜਿਸਨੂੰ ਪਹਿਲਾਂ ਫੋਰਟ ਵਿਲੀਅਮ ਕਿਹਾ ਜਾਂਦਾ ਸੀ) ਵਿੱਚ ਹੋਵੇਗੀ।
ਇਸ ਸਾਲ ਸੰਮੇਲਨ ਦਾ ਕੇਂਦਰੀ ਵਿਸ਼ਾ “ਸੁਧਾਰਾਂ ਦਾ ਸਾਲ – ਭਵਿੱਖ ਲਈ ਪਰਿਵਰਤਨ” ਰੱਖਿਆ ਗਿਆ ਹੈ। ਇਸਦਾ ਮਕਸਦ ਭਾਰਤੀ ਸੈਨਾਵਾਂ ਵਿੱਚ ਹੋ ਰਹੇ ਸੁਧਾਰਾਂ, ਭਵਿੱਖੀ ਚੁਣੌਤੀਆਂ ਲਈ ਪਰਿਵਰਤਨਸ਼ੀਲ ਯੋਜਨਾਵਾਂ ਅਤੇ ਤਕਨੀਕੀ ਆਧੁਨਿਕੀਕਰਨ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ।
ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸੰਮੇਲਨ ਰਾਹੀਂ ਤਿੰਨੋਂ ਸੇਨਾਵਾਂ (ਥਲ, ਜਲ ਅਤੇ ਵਾਯੂ ਸੈਨਾ) ਦੀ ਸੰਸਥਾਗਤ ਸੁਧਾਰਾਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ ਜਾਵੇਗਾ। ਨਾਲ ਹੀ, ਡੂੰਘੇ ਏਕੀਕਰਨ, ਤਕਨੀਕੀ ਨਵੀਂਕਰਨ ਅਤੇ ਬਹੁ-ਡੋਮੇਨ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕਰਨ ਬਾਰੇ ਵੀ ਵਿਸਤ੍ਰਿਤ ਚਰਚਾ ਹੋਵੇਗੀ। ਇਸ ਮੌਕੇ ਤੇ ਉੱਚ ਪੱਧਰੀ ਰਣਨੀਤਿਕ ਸੁਰੱਖਿਆ ਮੁੱਦਿਆਂ ਨੂੰ ਵੀ ਅਜੈਂਡੇ ’ਚ ਸ਼ਾਮਲ ਕੀਤਾ ਗਿਆ ਹੈ।
ਗੌਰ ਕਰਨ ਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ ਦੂਜੀ ਵਾਰ ਕੋਲਕਾਤਾ ਆ ਰਹੇ ਹਨ। ਉਹ ਸੋਮਵਾਰ ਸਵੇਰੇ ਸੰਮੇਲਨ ਦੀ ਸ਼ੁਰੂਆਤ ਕਰਨਗੇ ਅਤੇ ਉਸੇ ਦਿਨ ਦੁਪਹਿਰ ਬਾਅਦ ਬਿਹਾਰ ਦੇ ਪੂਰਨੀਆ ਲਈ ਰਵਾਨਾ ਹੋਣਗੇ, ਜਿੱਥੇ ਉਹ ਹੋਰ ਸਰਕਾਰੀ ਕਾਰਜਕ੍ਰਮਾਂ ਵਿੱਚ ਹਿੱਸਾ ਲੈਣਗੇ।
ਇਸ ਸੰਮੇਲਨ ਵਿੱਚ ਸੈਨਾਵਾਂ ਦੇ ਉੱਚ ਅਧਿਕਾਰੀ, ਰੱਖਿਆ ਮੰਤਰਾਲੇ ਦੇ ਨੁਮਾਇੰਦੇ ਅਤੇ ਹੋਰ ਮਹੱਤਵਪੂਰਨ ਹਸਤੀਆਂ ਸ਼ਾਮਲ ਹੋਣਗੀਆਂ। ਉਮੀਦ ਹੈ ਕਿ ਇਹ ਬੈਠਕ ਭਾਰਤੀ ਸੈਨਾਵਾਂ ਦੀ ਭਵਿੱਖੀ ਦਿਸ਼ਾ ਨਿਰਧਾਰਿਤ ਕਰਨ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ।