ਜੈਪੁਰ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ: ਨਾਲੇ ਵਿੱਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ…

ਜੈਪੁਰ – ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਵਾਟਿਕਾ ਰਿੰਗ ਰੋਡ ‘ਤੇ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਨੰਨੇ ਬੱਚੇ, ਦੋ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ।

ਹਰਿਦੁਆਰ ਤੋਂ ਵਾਪਸੀ ਦੌਰਾਨ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ, ਪਰਿਵਾਰਕ ਮੈਂਬਰ ਆਪਣੇ ਸਬੰਧੀ ਦੀਆਂ ਅਸਥੀਆਂ ਗੰਗਾ ਵਿੱਚ ਵਿਸਰਜਨ ਕਰਕੇ ਹਰਿਦੁਆਰ ਤੋਂ ਵਾਪਸ ਜੈਪੁਰ ਆ ਰਹੇ ਸਨ। ਵਾਟਿਕਾ ਰਿੰਗ ਰੋਡ ‘ਤੇ ਪਹੁੰਚਣ ‘ਤੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਬਣੇ ਨਾਲੇ ਵਿੱਚ ਜਾ ਡਿੱਗੀ। ਕਾਰ ਪਲਟਣ ਕਾਰਨ ਸਾਰੇ ਸਵਾਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਅਤੇ ਕੁਝ ਹੀ ਸਮੇਂ ਵਿੱਚ ਸੱਤਾਂ ਦੀ ਮੌਤ ਹੋ ਗਈ।

ਮੌਕੇ ‘ਤੇ ਮਚਿਆ ਹਾਹਾਕਾਰ

ਕਾਰ ਡਿੱਗਣ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡਾਂ ਅਤੇ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਰਾਹਤ ਕਾਰਵਾਈ ਸ਼ੁਰੂ ਕੀਤੀ ਅਤੇ ਸਾਰੇ ਮ੍ਰਿਤਕਾਂ ਨੂੰ ਮਹਾਤਮਾ ਗਾਂਧੀ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਇਸ ਦੁੱਖਦਾਈ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦੀ ਗਤੀ ਤੇਜ਼ ਸੀ, ਜਿਸ ਕਰਕੇ ਡਰਾਈਵਰ ਨੇ ਸੰਭਾਲ ਨਹੀਂ ਸਕਿਆ ਅਤੇ ਵਾਹਨ ਬੇਕਾਬੂ ਹੋ ਕੇ ਪਲਟ ਗਿਆ। ਹਾਲਾਂਕਿ ਹਾਦਸੇ ਦੇ ਸਹੀ ਕਾਰਣਾਂ ਦੀ ਜਾਂਚ ਜਾਰੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਸਾਰੇ ਸ਼ਹਿਰ ਵਿੱਚ ਛਾਇਆ ਸੋਗ

ਇਸ ਹਾਦਸੇ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਇੱਕੋ ਪਰਿਵਾਰ ਦੇ ਸੱਤ ਲੋਕਾਂ ਦੀ ਅਚਾਨਕ ਮੌਤ ਨਾਲ ਨਾ ਸਿਰਫ਼ ਉਨ੍ਹਾਂ ਦੇ ਰਿਸ਼ਤੇਦਾਰ, ਬਲਕਿ ਪੜੋਸੀ ਅਤੇ ਸਾਰੇ ਸਥਾਨਕ ਲੋਕ ਗ਼ਮਗੀਨ ਹਨ।

Leave a Reply

Your email address will not be published. Required fields are marked *