ਸੰਗਰੂਰ – ਅੱਜ ਸੰਗਰੂਰ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਆਪਣੇ ਹੱਕਾਂ ਦੀ ਲੜਾਈ ਲੜਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਸਾਹਮਣੇ ਇਕੱਠੇ ਹੋਏ। ਇਹ ਸਾਰੇ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਸਮੂਹਿਕ ਛੁੱਟੀ ਲੈ ਕੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਅਤੇ ਘਿਰਾਓ ਕਰਦੇ ਹੋਏ ਆਪਣੀਆਂ ਮੰਗਾਂ ਸਰਕਾਰ ਸਾਹਮਣੇ ਰੱਖੀਆਂ।
ਫਰੰਟ ਦੇ ਮੈਂਬਰਾਂ ਨੇ ਸਵੇਰੇ ਵੇਰਕਾ ਪਲਾਂਟ ਤੋਂ ਪੈਦਲ ਰੋਸ ਮਾਰਚ ਸ਼ੁਰੂ ਕੀਤਾ। ਮਾਰਚ ਕਰਦਿਆਂ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਨੇ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਸਟੇਜ ਲਗਾ ਕੇ ਆਪਣਾ ਸੰਘਰਸ਼ ਜਾਰੀ ਰੱਖਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਗੂ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਰੀਵਿਊ ਅਤੇ ਕਿਉਰੇਟਿਵ ਪਟੀਸ਼ਨ ਦਾਇਰ ਕਰਕੇ ਇਸ ਭਰਤੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰਨੀ ਸ਼ਾਮਲ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਜਲਦੀ ਤੋਂ ਜਲਦੀ ਪੈਨਲ ਮੀਟਿੰਗ ਬੁਲਾਏ ਅਤੇ ਜਨਤਕ ਤੌਰ ’ਤੇ ਬਿਆਨ ਜਾਰੀ ਕਰਕੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਰੁਜ਼ਗਾਰ ਸੁਰੱਖਿਅਤ ਕਰਨ ਦਾ ਭਰੋਸਾ ਦੇਣ।
ਫਰੰਟ ਦੇ ਹੋਰ ਆਗੂਆਂ ਨੇ ਵੀ ਆਪਣੀਆਂ ਗੱਲਾਂ ਰੱਖਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਇਸ ਭਰਤੀ ਨੂੰ ਰੱਦ ਕਰਨ ਦਾ ਫ਼ੈਸਲਾ ਨਾ ਸਿਰਫ਼ ਉਮੀਦਵਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਦੁੱਖਦਾਈ ਹੈ, ਸਗੋਂ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਵੀ ਨੁਕਸਾਨਦਾਇਕ ਹੈ।
ਡਾ. ਮੁਹੰਮਦ ਸੋਹੇਲ ਨੇ ਇਸ ਫ਼ੈਸਲੇ ਨੂੰ “ਮੰਦਭਾਗਾ” ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਸਿਰਫ਼ ਨੌਕਰੀਆਂ ਖਤਰੇ ਵਿੱਚ ਨਹੀਂ ਆਈਆਂ ਸਗੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਡਾ. ਕਰਮਜੀਤ ਸਿੰਘ ਦੇ ਮੁਤਾਬਕ, ਜਦੋਂ ਇਹ ਭਰਤੀ ਹੋਈ ਸੀ ਤਾਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਰੌਣਕ ਪਰਤੀ ਸੀ ਅਤੇ ਨੌਜਵਾਨਾਂ ਵਿੱਚ ਰੁਜ਼ਗਾਰ ਦੀ ਆਸ ਜਗੀ ਸੀ। ਹੁਣ, ਇਸ ਭਰਤੀ ਦੇ ਰੱਦ ਹੋਣ ਨਾਲ ਸਾਰੇ ਹੀ ਵਰਗ ਨਿਰਾਸ਼ ਹਨ।
ਫਰੰਟ ਦੇ ਇੱਕ ਹੋਰ ਮੈਂਬਰ ਪ੍ਰਿਤਪਾਲ ਨੇ ਕਿਹਾ ਕਿ ਇਸ ਭਰਤੀ ਦੀ ਲੜਾਈ ਆਸਾਨ ਨਹੀਂ ਸੀ। ਇਸ਼ਤਿਹਾਰ ਜਾਰੀ ਹੋਣ ਤੋਂ ਲੈ ਕੇ ਨਿਯੁਕਤੀ ਤੱਕ ਉਮੀਦਵਾਰਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ – ਥਾਣੇ, ਪਰਚੇ, ਲਾਠੀਚਾਰਜ ਅਤੇ ਜੇਲ੍ਹਾਂ ਤੱਕ ਜਾਣਾ ਪਿਆ। ਉਹਨਾਂ ਦਾ ਕਹਿਣਾ ਸੀ ਕਿ ਜਿਵੇਂ ਪਹਿਲਾਂ ਸੰਘਰਸ਼ ਕੀਤਾ ਹੈ, ਅੱਗੇ ਵੀ ਜ਼ਰੂਰਤ ਪਈ ਤਾਂ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ।
ਜਸਵਿੰਦਰ ਕੌਰ ਨੇ ਗੈਸਟ ਫੈਕਲਟੀ ਦੇ ਮਾਮਲੇ ਉੱਤੇ ਵੀ ਗੱਲ ਕੀਤੀ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਗੈਸਟ ਫੈਕਲਟੀ ਨੂੰ ਗਲਤ ਦਿਸ਼ਾ ਵਿੱਚ ਲੜਾਇਆ ਗਿਆ ਅਤੇ ਉਹ ਆਪਣੇ ਪੱਕੇ ਰੁਜ਼ਗਾਰ ਲਈ ਸਰਕਾਰ ਉੱਤੇ ਦਬਾਅ ਬਣਾਉਣ ਦੀ ਬਜਾਏ ਨਿਯਮਤ ਭਰਤੀ ਦੇ ਵਿਰੋਧ ਵਿੱਚ ਖੜ੍ਹ ਗਏ। ਇਸ ਕਾਰਨ ਹੁਣ ਸਿਰਫ਼ ਉਮੀਦਵਾਰਾਂ ਹੀ ਨਹੀਂ ਸਗੋਂ ਮਿਹਨਤੀ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਵੀ ਅੰਧਕਾਰਮਈ ਹੋ ਗਿਆ ਹੈ।
ਇਸ ਵੱਡੇ ਰੋਸ ਪ੍ਰਦਰਸ਼ਨ ਤੋਂ ਸਪਸ਼ਟ ਹੈ ਕਿ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਆਪਣੀਆਂ ਮੰਗਾਂ ਨੂੰ ਲੈ ਕੇ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਜਦ ਤਕ ਉਹਨਾਂ ਨੂੰ ਆਪਣੇ ਹੱਕ ਨਹੀਂ ਮਿਲਦੇ, ਸੰਘਰਸ਼ ਜਾਰੀ ਰਹੇਗਾ।