ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਵਿਧਾਇਕ ਦੇਵ ਮਾਨ ਵੱਲੋਂ ਅਸਤੀਫਾ ਲਿਆ ਗਿਆ, ਪਤੀ ’ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦੇ ਗੰਭੀਰ ਆਰੋਪ…

ਨਾਭਾ : ਪੰਜਾਬ ਦੀ ਰਾਜਨੀਤੀ ’ਚ ਇੱਕ ਵੱਡਾ ਹੰਗਾਮਾ ਉਸ ਸਮੇਂ ਖੜਾ ਹੋ ਗਿਆ ਜਦੋਂ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਨੂੰ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਸਬੰਧੀ ਐਲਾਨ ਦੇਵ ਮਾਨ ਨੇ ਵਿਰੋਧ ਕਰ ਰਹੇ ਕੌਂਸਲਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ।

ਯਾਦ ਰਹੇ ਕਿ ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਵੱਡੇ ਹਿੱਸੇ ਦੇ ਕੌਂਸਲਰਾਂ ਨੇ ਪ੍ਰਧਾਨ ਸੁਜਾਤਾ ਚਾਵਲਾ ਵਿਰੁੱਧ ਬੇਭਰੋਸਗੀ ਮਤਾ ਪਾ ਦਿੱਤਾ ਸੀ। ਇਸ ਦੇ ਪਿੱਛੇ ਮੁੱਖ ਕਾਰਨ ਉਸਦੇ ਪਤੀ ਪੰਕਜ ਪੱਪੂ ਉੱਤੇ ਲੱਗੇ ਗੰਭੀਰ ਦੋਸ਼ ਹਨ। ਪੰਕਜ ਪੱਪੂ ’ਤੇ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦੇ ਆਰੋਪ ਲੱਗੇ ਹਨ। ਇਹ ਵਿਵਾਦ ਉਸ ਸਮੇਂ ਹੋਰ ਗਹਿਰਾ ਗਿਆ ਜਦੋਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਸੁਜਾਤਾ ਚਾਵਲਾ ਨਾਲ ਜੁੜੇ ਵਰਕਸ਼ਾਪ ਤੋਂ ਬਰਾਮਦ ਹੋਇਆ।

ਇਸ ਮਾਮਲੇ ਦੇ ਬਾਅਦ 17 ਕੌਂਸਲਰਾਂ ਨੇ ਚਾਵਲਾ ਵਿਰੁੱਧ ਬੇਭਰੋਸਗੀ ਦਾ ਮਤਾ ਪਾਇਆ ਸੀ, ਜਿਸ ’ਤੇ 16 ਸਤੰਬਰ ਨੂੰ ਵੋਟਿੰਗ ਹੋਣੀ ਸੀ। ਇਸ ਤੋਂ ਪਹਿਲਾਂ ਹੀ ਵਧ ਰਹੀ ਰਾਜਨੀਤਿਕ ਗਰਮੀ ਨੂੰ ਵੇਖਦੇ ਹੋਏ ਵਿਧਾਇਕ ਦੇਵ ਮਾਨ ਨੇ ਸੁਜਾਤਾ ਚਾਵਲਾ ਦਾ ਅਸਤੀਫਾ ਲੈ ਲਿਆ।

ਕਿਸਾਨਾਂ ਦੇ ਆਰੋਪਾਂ ਮੁਤਾਬਕ ਸ਼ੰਭੂ ਬਾਰਡਰ ਤੋਂ ਜਦੋਂ ਪੁਲਿਸ ਨੇ ਮੋਰਚਾ ਜਬਰੀ ਤੌਰ ’ਤੇ ਹਟਾਇਆ ਸੀ, ਉਸ ਸਮੇਂ ਕਿਸਾਨਾਂ ਦੀਆਂ ਕੁੱਲ 36 ਟਰਾਲੀਆਂ ਗਾਇਬ ਹੋ ਗਈਆਂ ਸਨ। ਹੁਣ ਤੱਕ 14 ਟਰਾਲੀਆਂ ਮਿਲ ਚੁੱਕੀਆਂ ਹਨ, ਜਦਕਿ 22 ਟਰਾਲੀਆਂ ਦੀ ਭਾਲ ਅਜੇ ਵੀ ਜਾਰੀ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸਮਾਨ ਵਿੱਚ ਚਾਰ ਟਾਇਰ ਰਿੱਮਾਂ ਸਮੇਤ, ਟਰਾਲੀ ਦੀ ਹੁੱਕ, ਜੈਕ ਅਤੇ ਡੰਡਾ-ਘੋੜੀ ਸ਼ਾਮਲ ਹਨ। ਇਹ ਸਮਾਨ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਸ਼ਿਕਾਇਤ ’ਤੇ ਰਿਕਵਰ ਕੀਤਾ ਗਿਆ ਅਤੇ ਪੁਲਿਸ ਨੇ ਇਸ ਸਬੰਧੀ ਡੀਡੀਆਰ ਵੀ ਦਰਜ ਕਰ ਦਿੱਤਾ ਹੈ।

ਨਾਭਾ ਕੋਤਵਾਲੀ ਦੇ ਐੱਸਐੱਚਓ ਨੇ ਪੁਸ਼ਟੀ ਕੀਤੀ ਕਿ ਸ਼ੰਭੂ ਮੋਰਚੇ ਨਾਲ ਜੁੜੇ ਟਰਾਲੀ ਚੋਰੀ ਦੇ ਮਾਮਲੇ ਦਰਜ ਹਨ ਅਤੇ ਮਿਲਿਆ ਸਮਾਨ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਸਵਿੰਦਰ ਸਿੰਘ ਨੇ ਪੁਲਿਸ ਅੱਗੇ ਦੱਸਿਆ ਕਿ ਬਰਾਮਦ ਕੀਤੇ ਗਏ ਦੋ ਟਾਇਰ ਉਸਦੇ ਪਿੰਡ ਦੀ ਟਰਾਲੀ ਦੇ ਹਨ, ਜਦਕਿ ਹੋਰ ਸਮਾਨ ਦੀ ਵੀ ਸਪੱਸ਼ਟ ਪਛਾਣ ਕਰ ਲਈ ਗਈ ਹੈ। ਇਸ ਪਛਾਣ ਲਈ ਟਰਾਲੀ ਬਣਾਉਣ ਵਾਲੇ ਮਿਸਤਰੀ ਨੂੰ ਵੀ ਲੌਂਗੋਵਾਲ ਤੋਂ ਬੁਲਾਇਆ ਗਿਆ ਸੀ।

ਇਸ ਸਾਰੇ ਘਟਨਾ-ਕ੍ਰਮ ਨੇ ਨਾਭਾ ਦੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਬੇਭਰੋਸਗੀ ਮਤਾ ਪਾਏ ਜਾਣ ਤੋਂ ਲੈ ਕੇ ਪ੍ਰਧਾਨ ਦੇ ਪਤੀ ਉੱਤੇ ਲੱਗੇ ਚੋਰੀ ਦੇ ਆਰੋਪਾਂ ਨੇ ਹਾਲਾਤਾਂ ਨੂੰ ਗੰਭੀਰ ਬਣਾ ਦਿੱਤਾ। ਅੰਤ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸੁਜਾਤਾ ਚਾਵਲਾ ਦਾ ਅਸਤੀਫਾ ਲੈ ਕੇ ਇਸ ਮਾਮਲੇ ’ਤੇ ਆਪਣਾ ਫੈਸਲਾ ਸੁਣਾ ਦਿੱਤਾ।

Leave a Reply

Your email address will not be published. Required fields are marked *