Barnala News : ਪਰਵਾਸੀਆਂ ਖ਼ਿਲਾਫ਼ ਰੋਹ ਵਧਦਾ, ਕੱਟੂ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਬਾਈਕਾਟ ਮਤਾ…

ਬਰਨਾਲਾ ਜ਼ਿਲ੍ਹੇ ਦੇ ਕੱਟੂ ਪਿੰਡ ਵਿੱਚ ਪਰਵਾਸੀਆਂ ਖ਼ਿਲਾਫ਼ ਵਧ ਰਹੀ ਨਾਰਾਜ਼ਗੀ ਨੇ ਨਵਾਂ ਮੋੜ ਲੈ ਲਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਇੱਕ ਵੱਡੇ ਇਕੱਠ ਵਿੱਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਰਵਾਸੀਆਂ ਦੇ ਪੂਰਨ ਬਾਈਕਾਟ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਪਿੰਡ ਸਰਪੰਚ ਦੇ ਪਤੀ ਕਰਨੈਲ ਸਿੰਘ ਸਮੇਤ ਕਈ ਪੰਚਾਇਤੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ।

ਘਟਨਾਵਾਂ ਤੋਂ ਬਾਅਦ ਵਧਿਆ ਗੁੱਸਾ

ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਹੁਸ਼ਿਆਰਪੁਰ ਵਿੱਚ ਇੱਕ ਪਰਵਾਸੀ ਵੱਲੋਂ ਇੱਕ ਛੋਟੇ ਬੱਚੇ ਦੀ ਹੱਤਿਆ ਅਤੇ ਬਰਨਾਲਾ ਦੀ ਤਪਾ ਮੰਡੀ ਵਿੱਚ ਪਰਵਾਸੀ ਵੱਲੋਂ ਆਪਣੇ ਹੀ ਸਾਥੀ ਦੀ ਹੱਤਿਆ ਨੇ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਗੁੱਸੇ ਨੂੰ ਜਨਮ ਦਿੱਤਾ ਹੈ। ਇਨ੍ਹਾਂ ਘਟਨਾਵਾਂ ਦੇ ਚਲਦੇ ਹੀ ਕੱਟੂ ਪਿੰਡ ਦੀ ਪੰਚਾਇਤ ਨੇ ਫੈਸਲਾ ਲਿਆ ਕਿ ਪਿੰਡ ਵਿੱਚ ਅਜਿਹੀਆਂ ਸਥਿਤੀਆਂ ਨਾ ਬਣਣ, ਇਸ ਲਈ ਸਖ਼ਤ ਮਤੇ ਪਾਸ ਕੀਤੇ ਜਾਣ ਜ਼ਰੂਰੀ ਹਨ।

ਪੰਚਾਇਤ ਵੱਲੋਂ ਪਾਸ ਕੀਤੇ ਮੁੱਖ ਮਤੇ

ਪਿੰਡ ਕੱਟੂ ਦੀ ਪੰਚਾਇਤ ਵੱਲੋਂ ਪਰਵਾਸੀਆਂ ਖ਼ਿਲਾਫ਼ ਕਈ ਅਹਿਮ ਫ਼ੈਸਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

  1. ਪਛਾਣ ਪੱਤਰ ਨਾ ਬਣਾਉਣ ਦਾ ਫੈਸਲਾ – ਪਿੰਡ ਵਿੱਚ ਪਰਵਾਸੀਆਂ ਦਾ ਕੋਈ ਪਛਾਣ ਪੱਤਰ ਜਾਂ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ।
  2. ਦਾਖਲੇ ‘ਤੇ ਪਾਬੰਦੀ – ਨਵੇਂ ਪਰਵਾਸੀਆਂ ਦੇ ਪਿੰਡ ਵਿੱਚ ਦਾਖਲੇ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਪਹਿਲਾਂ ਤੋਂ ਰਹਿ ਰਹੇ ਪਰਵਾਸੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
  3. ਡੁਪਲੀਕੇਟ ਆਧਾਰ ਕਾਰਡ ਦੀ ਜਾਂਚ – ਕੁਝ ਪਰਵਾਸੀਆਂ ਕੋਲ ਪਿੰਡ ਅਤੇ ਬਿਹਾਰ ਦੋਹੀਂ ਥਾਵਾਂ ਤੋਂ ਆਧਾਰ ਕਾਰਡ ਬਣੇ ਹੋਣ ਦੀਆਂ ਸ਼ਿਕਾਇਤਾਂ ਹਨ। ਇਸ ਮਾਮਲੇ ਦੀ ਜਾਂਚ ਕਰਕੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇਗਾ।
  4. ਜ਼ਿੰਮੇਵਾਰੀ ਤਹਿਤ ਦਾਖਲਾ – ਜੇ ਸੀਜ਼ਨ ਦੌਰਾਨ ਕੋਈ ਪਰਵਾਸੀ ਪਿੰਡ ਆਉਂਦਾ ਹੈ, ਤਾਂ ਉਸਨੂੰ ਲਿਆਉਣ ਵਾਲਾ ਵਿਅਕਤੀ ਖ਼ੁਦ ਉਸ ਲਈ ਜ਼ਿੰਮੇਵਾਰ ਹੋਵੇਗਾ।
  5. ਵਿਆਹ-ਸੰਬੰਧੀ ਮਤਾ – ਜੇਕਰ ਪਿੰਡ ਦੇ ਕਿਸੇ ਮੁੰਡੇ ਜਾਂ ਕੁੜੀ ਦਾ ਪਰਵਾਸੀ ਨਾਲ ਵਿਆਹ ਹੁੰਦਾ ਹੈ ਜਾਂ ਉਹ ਪਤੀ-ਪਤਨੀ ਵਾਂਗ ਰਹਿੰਦੇ ਹਨ, ਤਾਂ ਉਨ੍ਹਾਂ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ।
  6. ਨਸ਼ੇ ਵਿਰੁੱਧ ਸਖ਼ਤੀ – ਪਿੰਡ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ।
  7. ਪੰਚਾਇਤੀ ਸਥਾਨਾਂ ਦੀ ਸੁਰੱਖਿਆ – ਜੇਕਰ ਕੋਈ ਵਿਅਕਤੀ ਸਕੂਲ, ਕਾਲਜ, ਹਸਪਤਾਲ, ਗੁਰੂ ਘਰ, ਖੇਡ ਮੈਦਾਨ ਜਾਂ ਹੋਰ ਪੰਚਾਇਤੀ ਸਥਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸਦੇ ਖ਼ਿਲਾਫ਼ ਨਾ ਸਿਰਫ਼ ਬਾਈਕਾਟ ਹੋਵੇਗਾ ਬਲਕਿ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਪੂਰੇ ਪਿੰਡ ਦੀ ਸਹਿਮਤੀ

ਪੰਚਾਇਤ ਮੈਂਬਰਾਂ ਨੇ ਕਿਹਾ ਕਿ ਇਹ ਸਾਰੇ ਮਤੇ ਪਿੰਡ ਵਾਸੀਆਂ ਦੀ ਪੂਰੀ ਸਹਿਮਤੀ ਨਾਲ ਪਾਸ ਕੀਤੇ ਗਏ ਹਨ। ਇਸਦਾ ਮਕਸਦ ਪਿੰਡ ਵਿੱਚ ਸ਼ਾਂਤੀ-ਕਾਇਦਾ ਕਾਇਮ ਰੱਖਣਾ ਅਤੇ ਲੋਕਾਂ ਨੂੰ ਸੰਭਾਵਿਤ ਅਪਰਾਧਾਂ ਜਾਂ ਸਮੱਸਿਆਵਾਂ ਤੋਂ ਬਚਾਉਣਾ ਹੈ।

Leave a Reply

Your email address will not be published. Required fields are marked *