ਤਰਨਤਾਰਨ ਤੋਂ ਦੁਖਦਾਈ ਖ਼ਬਰ: ਇੰਗਲੈਂਡ ਵਿੱਚ ਸੜਕ ਹਾਦਸੇ ਨੇ ਬੁੱਝਾ ਦਿੱਤਾ ਘਰ ਦਾ ਇਕਲੌਤਾ ਚਿਰਾਗ, ਪਰਿਵਾਰ ਤੇ ਪਿੰਡ ‘ਚ ਛਾਇਆ ਮਾਤਮ…

ਤਰਨਤਾਰਨ – ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਨਵਾਲੀਪੁਰ ਤੋਂ ਇੱਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿਚ ਡੁੱਬਾ ਦਿੱਤਾ ਹੈ। ਪਿੰਡ ਦੇ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤਰ 22 ਸਾਲਾ ਸੁਖਮਨਪ੍ਰੀਤ ਸਿੰਘ ਇੰਗਲੈਂਡ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੀ ਜੰਗ ਹਾਰ ਗਿਆ।

ਜਾਣਕਾਰੀ ਅਨੁਸਾਰ, ਲਗਭਗ ਦੋ ਸਾਲ ਪਹਿਲਾਂ ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਖ਼ਾਤਰ ਇੰਗਲੈਂਡ ਭੇਜਿਆ ਸੀ। ਪਰਿਵਾਰ ਨੇ ਇਸ ਲਈ ਕਰਜ਼ਾ ਵੀ ਚੁੱਕਿਆ ਸੀ। ਨੌਜਵਾਨ ਸੁਖਮਨਪ੍ਰੀਤ ਨੇ ਉੱਥੇ ਪੜ੍ਹਾਈ ਦੇ ਨਾਲ ਨਾਲ ਇੱਕ ਮੌਲ ਵਿਚ ਨੌਕਰੀ ਵੀ ਸ਼ੁਰੂ ਕੀਤੀ ਸੀ ਅਤੇ ਹਾਲ ਹੀ ਵਿੱਚ ਉਸ ਨੇ ਆਪਣੇ ਮਾਤਾ-ਪਿਤਾ ਨਾਲ ਫੋਨ ਰਾਹੀਂ ਗੱਲ ਕਰਦਿਆਂ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਹੀ ਮਿਹਨਤ ਕਰਕੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰ ਦੇਵੇਗਾ।

ਪਰੰਤੂ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪ੍ਰਾਪਤ ਜਾਣਕਾਰੀ ਮੁਤਾਬਕ, ਲੰਘੀ ਸ਼ਾਮ ਜਦ ਸੁਖਮਨਪ੍ਰੀਤ ਆਪਣੇ ਸਾਥੀ ਨਾਲ ਡਿਊਟੀ ‘ਤੇ ਜਾ ਰਿਹਾ ਸੀ ਤਾਂ ਉਸ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਗੰਭੀਰ ਜ਼ਖ਼ਮ ਲੱਗਣ ਕਾਰਨ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਦੁਖਦਾਈ ਖ਼ਬਰ ਜਦੋਂ ਉਸ ਦੇ ਮਾਤਾ-ਪਿਤਾ ਤੱਕ ਪਹੁੰਚੀ ਤਾਂ ਉਹ ਗਹਿਰੇ ਸਦਮੇ ਵਿਚ ਚਲੇ ਗਏ। ਪਿੰਡ ਬਨਵਾਲੀਪੁਰ ਵਿੱਚ ਵੀ ਸੋਗ ਦਾ ਮਾਹੌਲ ਛਾ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਸੁਖਮਨਪ੍ਰੀਤ ਬਹੁਤ ਹੀ ਮਿੱਠੇ ਸੁਭਾਅ ਵਾਲਾ, ਮਿਹਨਤੀ ਤੇ ਸੁਪਨਿਆਂ ਨਾਲ ਭਰਿਆ ਨੌਜਵਾਨ ਸੀ, ਜਿਸ ਨੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਲਈ ਵਿਦੇਸ਼ ਦੀ ਰਾਹ ਪਕੜੀ ਸੀ।

ਦੂਜੇ ਪਾਸੇ, ਪਰਿਵਾਰ ਵੱਲੋਂ ਸੁਖਮਨਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਉਸ ਦਾ ਪਿੰਡ ਵਿੱਚ ਸੰਸਕਾਰ ਕੀਤਾ ਜਾਵੇਗਾ।

ਇਸ ਘਟਨਾ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੁਖਦਾਈ ਸਥਿਤੀ ਨੂੰ ਸਭ ਦੇ ਸਾਹਮਣੇ ਰੱਖ ਦਿੱਤਾ ਹੈ। ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝ ਜਾਣ ਕਾਰਨ ਸਾਰਾ ਇਲਾਕਾ ਗਹਿਰੇ ਦੁੱਖ ਵਿਚ ਹੈ।

Leave a Reply

Your email address will not be published. Required fields are marked *