ਗੋਨਿਆਣਾ ਮੰਡੀ: ਗੋਨਿਆਣਾ ਬਿਜਲੀ ਬੋਰਡ ਵਿਚ ਚੱਲ ਰਹੇ ਮੀਟਰ ਘਪਲੇ ਦੇ ਖੁਲਾਸੇ ਤੋਂ ਬਾਅਦ ਆਖ਼ਿਰਕਾਰ ਪਾਵਰਕਾਮ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦਾ ਖ਼ੁਲਾਸਾ ‘ਜਗ ਬਾਣੀ’ ਦੀ ਰਿਪੋਰਟ ਤੋਂ ਬਾਅਦ ਹੋਇਆ, ਜਿਸ ਵਿਚ ਦੱਸਿਆ ਗਿਆ ਸੀ ਕਿ ਬੋਰਡ ਦੇ ਅੰਦਰ ਇਕ ਤਿਕੌਨੀ ਟੋਲੀ ਵੱਲੋਂ ਲੰਮੇ ਸਮੇਂ ਤੋਂ ਬਿਜਲੀ ਦੇ ਮੀਟਰਾਂ ਨਾਲ ਚੇੜਛਾੜ ਕੀਤੀ ਜਾ ਰਹੀ ਸੀ।
ਐਕਸੀਅਨ ਸਾਹਿਲ ਗੁਪਤਾ ਦੀ ਅਗਵਾਈ ਵਿਚ ਵੱਡੀ ਰੇਡ
ਖ਼ਬਰ ਛਪਣ ਤੋਂ ਤੁਰੰਤ ਬਾਅਦ ਐਕਸੀਅਨ ਸਾਹਿਲ ਗੁਪਤਾ ਨੇ ਖ਼ਾਸ ਮੀਟਿੰਗ ਬੁਲਾਈ ਅਤੇ ਡਿਵੀਜ਼ਨ ਦੇ ਕਈ ਇਲਾਕਿਆਂ ਵਿਚ ਚੈਕਿੰਗ ਮੁਹਿੰਮ ਸ਼ੁਰੂ ਕਰਵਾਈ। ਕਈ ਟੀਮਾਂ ਨੇ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਘਰਾਂ ਅਤੇ ਦੁਕਾਨਾਂ ਦੇ ਬਿਜਲੀ ਮੀਟਰਾਂ ਦੀ ਜਾਂਚ ਕੀਤੀ। ਇਸ ਕਾਰਵਾਈ ਦੌਰਾਨ ਅਨੇਕਾਂ ਸ਼ੱਕੀ ਮੀਟਰ ਉਤਾਰ ਕੇ ਸੀਲ ਕੀਤੇ ਗਏ ਅਤੇ ਹੋਰ ਜਾਂਚ ਲਈ ਲੈਬ ਵਿਚ ਭੇਜੇ ਗਏ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਵਿਭਾਗ ਨੇ ਇੰਨੀ ਵੱਡੀ ਪੱਧਰੀ ਕਾਰਵਾਈ ਕੀਤੀ ਹੈ।
ਲੋਕਾਂ ਦਾ ਗੁੱਸਾ ਠੰਢਾ ਨਹੀਂ
ਚੈਕਿੰਗ ਮੁਹਿੰਮ ਦੇ ਬਾਵਜੂਦ ਲੋਕਾਂ ਵਿਚ ਗੁੱਸਾ ਕਾਇਮ ਹੈ। ਮੰਡੀ ਵਾਸੀਆਂ ਦਾ ਦੋਸ਼ ਹੈ ਕਿ ਮੀਟਰਾਂ ਨਾਲ ਛੇੜਛਾੜ ਕਰਨ ਵਾਲੇ ਸਿਰਫ਼ ਨੀਵੇਂ ਪੱਧਰ ਦੇ ਕਰਮਚਾਰੀ ਨਹੀਂ ਸਨ, ਸਗੋਂ ਉਨ੍ਹਾਂ ਦੇ ਪਿੱਛੇ ਉੱਚ ਅਧਿਕਾਰੀਆਂ ਦੀ ਵੀ ਮਿਲੀਭੁਗਤ ਸੀ। ਇਸ ਲਈ ਲੋਕਾਂ ਨੇ ਮੰਗ ਕੀਤੀ ਹੈ ਕਿ ਵਿਜੀਲੈਂਸ ਵੱਲੋਂ ਸੁਤੰਤਰ ਜਾਂਚ ਕੀਤੀ ਜਾਵੇ, ਤਾਂ ਜੋ ਪੂਰੀ ਸੱਚਾਈ ਸਾਹਮਣੇ ਆ ਸਕੇ।
ਪ੍ਰਾਪਰਟੀਆਂ ਦੀ ਜਾਂਚ ਦੀ ਮੰਗ
ਲੋਕਾਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸਾਲਾਂ ਤੱਕ ਇਹ ਘਪਲਾ ਚਲਾਇਆ ਹੈ, ਉਨ੍ਹਾਂ ਦੀਆਂ ਜਾਇਦਾਦਾਂ ਅਤੇ ਆਮਦਨ ਦੇ ਸਰੋਤਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਦੇ ਅਨੁਸਾਰ ਕਈ ਕਰਮਚਾਰੀਆਂ ਨੇ ਮਹਿੰਗੀਆਂ ਕਾਰਾਂ, ਕੋਠੀਆਂ ਅਤੇ ਜਾਇਦਾਦਾਂ ਖਰੀਦੀਆਂ ਹਨ, ਜਿਹੜੀਆਂ ਉਨ੍ਹਾਂ ਦੀ ਸਰਕਾਰੀ ਤਨਖ਼ਾਹ ਨਾਲ ਮੇਲ ਨਹੀਂ ਖਾਂਦੀਆਂ। ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਜਾਂਚ ਇਮਾਨਦਾਰੀ ਨਾਲ ਹੋਵੇ ਤਾਂ ਵੱਡੇ ਪੱਧਰ ’ਤੇ ਕਾਲਾ ਚਿੱਠਾ ਸਾਹਮਣੇ ਆ ਸਕਦਾ ਹੈ।
ਮਹਿਕਮੇ ਲਈ ਵੱਡੀ ਚੁਣੌਤੀ
ਵਿਭਾਗ ਲਈ ਇਹ ਸਥਿਤੀ ਇਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਸ਼ੱਕੀ ਮੀਟਰਾਂ ਦੀ ਚੈਕਿੰਗ ਨਾਲ ਮਾਮਲਾ ਨਹੀਂ ਮੁੱਕਦਾ। ਜੇ ਮਹਿਕਮਾ ਆਪਣੀ ਛਵੀ ਸਾਫ਼ ਕਰਨਾ ਚਾਹੁੰਦਾ ਹੈ ਤਾਂ ਵਿਜੀਲੈਂਸ ਦੀ ਜਾਂਚ, ਦੋਸ਼ੀ ਕਰਮਚਾਰੀਆਂ ਦੀ ਸਸਪੈਂਸ਼ਨ ਅਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਦੀ ਪੜਤਾਲ ਹੀ ਅਸਲੀ ਕਦਮ ਹੋ ਸਕਦੇ ਹਨ। ਨਹੀਂ ਤਾਂ ਇਹ ਸਾਰੀ ਕਾਰਵਾਈ ਸਿਰਫ਼ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦਾ ਜ਼ਰੀਆ ਹੀ ਸਮਝੀ ਜਾਵੇਗੀ।