ਸੰਗਰੂਰ – ਪੰਜਾਬ ਦੇ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਵੱਲੋਂ ਪੀ.ਐੱਮ. ਸ਼੍ਰੀ ਸਕੂਲ ਯੋਜਨਾ ਤਹਿਤ ਸੂਬੇ ਦੇ 331 ਸਕੂਲਾਂ ਦੀ ਕਾਇਆਕਲਪ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ। ਇਸ ਯੋਜਨਾ ਅਧੀਨ ਪੰਜਾਬ ਨੂੰ ਕੁੱਲ 5801.79 ਲੱਖ ਰੁਪਏ ਮਿਲਣੇ ਹਨ, ਜਿਨ੍ਹਾਂ ਵਿੱਚੋਂ 3125.54 ਲੱਖ ਰੁਪਏ ਦੀ ਪਹਿਲੀ ਕਿਸ਼ਤ ਰਿਲੀਜ਼ ਹੋ ਚੁੱਕੀ ਹੈ। ਇਹ ਰਕਮ ਸਕੂਲਾਂ ਵਿੱਚ ਬੁਨਿਆਦੀ ਢਾਂਚਾ, ਸਿਵਲ ਵਰਕਸ ਅਤੇ ਹੋਰ ਸਿੱਖਿਆ ਸੰਬੰਧੀ ਜ਼ਰੂਰਤਾਂ ’ਤੇ ਖ਼ਰਚ ਕੀਤੀ ਜਾਵੇਗੀ।
ਭਾਜਪਾ ਦੇ ਸੂਬਾਈ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੰਡ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ। ਉਨ੍ਹਾਂ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਅਕਸਰ ਕੇਂਦਰ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਬਾਰੇ ਜਨਤਕ ਜਾਣਕਾਰੀ ਨਹੀਂ ਦਿੰਦੀ ਅਤੇ ਕਈ ਵਾਰ ਇਸ ਰਕਮ ਨੂੰ ਹੋਰ ਮਕਸਦਾਂ ਲਈ ਵਰਤ ਲੈਂਦੀ ਹੈ। ਖੰਨਾ ਨੇ ਜ਼ੋਰ ਦਿੱਤਾ ਕਿ ਹੁਣ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਹ ਪੈਸਾ ਸਿਰਫ਼ ਸਕੂਲਾਂ ਦੀਆਂ ਜ਼ਰੂਰਤਾਂ ’ਤੇ ਹੀ ਲਾਇਆ ਜਾਵੇ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਜਾਰੀ ਪੱਤਰ (ਪੀ.ਐੱਮ. ਸ੍ਰੀ/ਸ਼ਿ.ਵ/2025-26/259191) ਰਾਹੀਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਰਕਮ ਮਨਜ਼ੂਰ ਹੋਈਆਂ ਵੱਖ-ਵੱਖ ਗਤੀਵਿਧੀਆਂ ਦੇ ਨਿਰਮਾਣ ਲਈ ਵਰਤੀ ਜਾਵੇ।
ਕੀ ਹੈ ਪੀ.ਐੱਮ. ਸ਼੍ਰੀ ਸਕੂਲ ਯੋਜਨਾ?
ਇਹ ਯੋਜਨਾ ਭਾਰਤ ਸਰਕਾਰ ਦੀ ਕੇਂਦਰ ਪ੍ਰਾਯੋਜਿਤ ਸਕੀਮ ਹੈ ਜਿਸ ਦਾ ਉਦੇਸ਼ ਦੇਸ਼ ਭਰ ਵਿੱਚ 14,500 ਤੋਂ ਵੱਧ ਸਕੂਲਾਂ ਨੂੰ ਮਾਡਲ ਸਕੂਲ ਵਜੋਂ ਵਿਕਸਤ ਕਰਨਾ ਹੈ। ਇਸ ਯੋਜਨਾ ਅਧੀਨ ਸਕੂਲਾਂ ਨੂੰ ਸਮਾਰਟ ਕਲਾਸਰੂਮ, ਉੱਨਤ ਪ੍ਰਯੋਗਸ਼ਾਲਾਵਾਂ, ਤਕਨੀਕੀ ਸਰੋਤਾਂ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਸਫਲਤਾਪੂਰਵਕ ਲਾਗੂ ਕਰਨਾ ਹੈ।