ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਇੱਕ ਵਾਰ ਫਿਰ ਸਿਆਸੀ ਚਰਚਾਵਾਂ ਦਾ ਕੇਂਦਰ ਬਣੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਮਜੀਠੀਆ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹਨ। ਜੂਨ 2025 ਵਿੱਚ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।
ਇਸ ਮੁਲਾਕਾਤ ਦੌਰਾਨ ਸੁਖਬੀਰ ਬਾਦਲ ਦੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮਜੀਠੀਆ ਦੀ ਪਤਨੀ, ਵਿਧਾਇਕਾ ਗਨੀਵ ਕੌਰ ਮਜੀਠੀਆ ਵੀ ਮੌਜੂਦ ਸਨ। ਜੇਲ੍ਹ ਦੇ ਬਾਹਰ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਦੀ ਵੱਡੀ ਹਾਜ਼ਰੀ ਨੇ ਇਸ ਮੁਲਾਕਾਤ ਨੂੰ ਹੋਰ ਵੀ ਮਹੱਤਵਪੂਰਣ ਬਣਾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (AAP) ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ, “ਜਿੰਨਾ ਧੱਕਾ AAP ਲੋਕਾਂ ਨਾਲ ਕਰ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਜੇਲ੍ਹਾਂ ਤੋਂ ਡਰਦੇ ਨਹੀਂ। ਵੱਡੇ ਬਾਦਲ ਸਾਹਿਬ ਨੇ ਲੰਬਾ ਸਮਾਂ ਜੇਲ੍ਹ ਵਿੱਚ ਕੱਟਿਆ ਸੀ, ਇਸ ਲਈ ਸਾਡੇ ਯੋਧਿਆਂ ਲਈ ਇਹ ਸਜ਼ਾਵਾਂ ਕੋਈ ਵੱਡੀ ਗੱਲ ਨਹੀਂ।”
ਸੁਖਬੀਰ ਬਾਦਲ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਵੀ ਸਿੱਧਾ ਨਿਸ਼ਾਨਾ ਬਣਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਵਰੁਣ ਸ਼ਰਮਾ AAP ਸਰਕਾਰ ਦੇ ਇਸ਼ਾਰਿਆਂ ‘ਤੇ ਝੂਠੇ ਪਰਚੇ ਦਰਜ ਕਰ ਰਹੇ ਹਨ ਅਤੇ ਕਰਪਸ਼ਨ ਵਿਚ ਲਿਪਤ ਹਨ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, “ਵਰੁਣ ਸ਼ਰਮਾ, ਤੂੰ ਵੀ ਆਪਣਾ ਪਾਸਪੋਰਟ ਬਣਵਾ ਲੈ। ਇਹ ਸਾਰੇ ਲੀਡਰ ਤਾਂ ਬਾਹਰ ਭੱਜਣ ਦੀ ਕੋਸ਼ਿਸ਼ ਕਰਨਗੇ, ਪਰ ਅਸੀਂ ਇਹਨਾਂ ਨੂੰ ਵਾਪਸ ਲਿਆ ਕੇ ਹੀ ਰਹਾਂਗੇ।”
ਇਹ ਮੁਲਾਕਾਤ ਨਾ ਸਿਰਫ਼ ਅਕਾਲੀ ਦਲ ਦੇ ਸਿਆਸੀ ਰਣਨੀਤੀ ਨੂੰ ਹੋਰ ਤੀਖਾ ਕਰ ਗਈ ਹੈ, ਬਲਕਿ ਪੰਜਾਬ ਦੀ ਮੌਜੂਦਾ ਸਿਆਸਤ ਵਿੱਚ ਇੱਕ ਵਾਰ ਫਿਰ ਬਾਦਲ ਪਰਿਵਾਰ ਅਤੇ ਮਜੀਠੀਆ ਦੇ ਮਾਮਲੇ ਨੂੰ ਗਰਮ ਚਰਚਾ ਦਾ ਵਿਸ਼ਾ ਬਣਾ ਰਹੀ ਹੈ।