ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿੱਚ ਹੋਏ ਭਿਆਨਕ ਸੜਕ ਹਾਦਸੇ ਨੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਸਿਰ ਅਤੇ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟਾਂ ਕਾਰਨ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਸਮੇਂ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਤੇ ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ ਸਹਾਇਤਾ ’ਤੇ ਹਨ।
ਹਸਪਤਾਲ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ’ਚ ਕੋਈ ਵੱਡਾ ਕਲੀਨਿਕਲ ਸੁਧਾਰ ਨਹੀਂ ਹੋ ਰਿਹਾ। ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਮਾਹਿਰਾਂ ਦੀ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਅਤੇ ਇਲਾਜ ਕਰ ਰਹੀ ਹੈ। ਐਮਆਰਆਈ ਰਿਪੋਰਟ ਅਨੁਸਾਰ ਉਨ੍ਹਾਂ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।
ਹਾਦਸੇ ਤੋਂ ਬਾਅਦ ਦਾ ਸਮਾਂ ਰੇਖਾ (ਟਾਈਮਲਾਈਨ):
- 27 ਸਤੰਬਰ: ਦੁਪਹਿਰ 1:45 ਵਜੇ ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪਤਾਲ, ਮੁਹਾਲੀ ਲਿਆਂਦਾ ਗਿਆ। ਹਾਦਸੇ ’ਚ ਸਿਰ ਤੇ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟਾਂ ਲੱਗੀਆਂ। ਡਾਕਟਰਾਂ ਮੁਤਾਬਕ, ਹਸਪਤਾਲ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ।
- 28 ਸਤੰਬਰ: ਡਾਕਟਰਾਂ ਨੇ ਕਿਹਾ ਕਿ ਜਵੰਦਾ ਵੈਂਟੀਲੇਟਰ ’ਤੇ ਹਨ ਅਤੇ ਨਿਊਰੋਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰ ਲਗਾਤਾਰ ਇਲਾਜ ਕਰ ਰਹੇ ਹਨ।
- 29 ਸਤੰਬਰ: ਉਨ੍ਹਾਂ ਦੀ ਹਾਲਤ ’ਚ ਹਲਕਾ ਸੁਧਾਰ ਦਰਜ ਕੀਤਾ ਗਿਆ, ਪਰ ਉਹ ਵੈਂਟੀਲੇਟਰ ਸਪੋਰਟ ’ਤੇ ਹੀ ਰਹੇ।
- 30 ਸਤੰਬਰ: ਹਸਪਤਾਲ ਵੱਲੋਂ ਜਾਰੀ ਅਪਡੇਟ ਅਨੁਸਾਰ, ਐਮਆਰਆਈ ਸਕੈਨ ’ਚ ਦਿਮਾਗ ’ਚ ਗੰਭੀਰ ਸੱਟਾਂ ਸਾਹਮਣੇ ਆਈਆਂ।
ਇਸ ਵੇਲੇ ਪੂਰਾ ਪੰਜਾਬੀ ਸੰਗੀਤ ਉਦਯੋਗ ਅਤੇ ਉਹਨਾਂ ਦੇ ਪ੍ਰਸ਼ੰਸਕ ਦੁਆਵਾਂ ਵਿੱਚ ਜੁਟੇ ਹੋਏ ਹਨ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਰਾਜਵੀਰ ਜਵੰਦਾ ਲਈ ਬਹੁਤ ਨਾਜ਼ੁਕ ਸਾਬਤ ਹੋ ਸਕਦੇ ਹਨ।