ਸਮਰਾਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮਰਾਲਾ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਹ ਮੀਟਿੰਗ ਲਗਭਗ 45 ਮਿੰਟ ਚੱਲੀ ਜਿਸ ਦੌਰਾਨ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਰਹੇ।
ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਰਾਜੇਵਾਲ ਦੀ ਸਿਹਤ ਬਾਰੇ ਜਾਣਣ ਅਤੇ ਖੇਤੀਬਾੜੀ ਸੰਬੰਧੀ ਚਰਚਾ ਲਈ ਆਏ ਸਨ। ਉਨ੍ਹਾਂ ਕਿਹਾ ਕਿ ਰਾਜੇਵਾਲ ਕੋਲ ਖੇਤੀਬਾੜੀ ਬਾਰੇ ਵੱਡਾ ਤਜ਼ਰਬਾ ਹੈ ਅਤੇ ਉਹ ਖੇਤੀ ਨੂੰ ਨਫ਼ੇਮੰਦ ਬਣਾਉਣ ਲਈ ਸਲਾਹ ਲੈਣ ਆਏ ਸਨ। ਸੁਖਬੀਰ ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਸਿਆਸੀ ਚਰਚਾ ਨਹੀਂ ਹੋਈ।
ਰਾਜੇਵਾਲ ਨੇ ਵੀ ਕਿਹਾ ਕਿ ਇਹ ਨਿੱਜੀ ਮੁਲਾਕਾਤ ਸੀ, ਪਰ ਉਨ੍ਹਾਂ ਆਪਣੀ ਰਾਏ ਦਿੱਤੀ ਕਿ ਅਕਾਲੀ ਦਲ ਦੀਆਂ ਵੱਖ-ਵੱਖ ਧਿਰਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ।