ਚੰਡੀਗੜ੍ਹ ਤੋਂ ਇੱਕ ਚੌਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਰਿਆਣਾ ਦੇ ਏਡੀਜੀਪੀ ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਇਹ ਦਰਦਨਾਕ ਘਟਨਾ ਮੰਗਲਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ-11 ਵਿੱਚ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਚ ਵਾਪਰੀ। ਪੁਲਿਸ ਨੂੰ ਉਨ੍ਹਾਂ ਦੀ ਲਾਸ਼ ਘਰ ਦੇ ਬੇਸਮੈਂਟ ਤੋਂ ਮਿਲੀ, ਜਿੱਥੇ ਉਹ ਖੂਨ ਨਾਲ ਲਥਪਥ ਫਰਸ਼ ‘ਤੇ ਪਏ ਸਨ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫੋਰੈਂਸਿਕ ਟੀਮ ਅਤੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਰਿਪੋਰਟਾਂ ਮੁਤਾਬਕ, ਏਡੀਜੀਪੀ ਵਾਈ. ਪੂਰਨ ਕੁਮਾਰ ਨੇ ਸੋਮਵਾਰ ਨੂੰ ਇੱਕ ਨਿੱਜੀ ਸੁਰੱਖਿਆ ਕਰਮੀ ਤੋਂ ਹਥਿਆਰ ਉਧਾਰ ਲਿਆ ਸੀ। ਮੰਗਲਵਾਰ ਸਵੇਰੇ ਜਦੋਂ ਉਨ੍ਹਾਂ ਦੀ ਧੀ ਬੇਸਮੈਂਟ ਵਿੱਚ ਗਈ, ਤਾਂ ਉਸਨੇ ਆਪਣੇ ਪਿਤਾ ਨੂੰ ਜ਼ਖ਼ਮੀ ਹਾਲਤ ਵਿੱਚ ਪਿਆ ਦੇਖਿਆ। ਧੀ ਨੇ ਹੀ ਤੁਰੰਤ ਪੜੋਸੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਵਾਈ. ਪੂਰਨ ਕੁਮਾਰ 2001 ਬੈਚ ਦੇ ਆਈਪੀਐਸ ਅਧਿਕਾਰੀ ਸਨ ਅਤੇ ਇਸ ਸਮੇਂ ਪੁਲਿਸ ਟ੍ਰੇਨਿੰਗ ਕਾਲਜ, ਸੁਨਾਰੀਆ (ਰੋਹਤਕ) ਵਿੱਚ ਏਡੀਜੀਪੀ ਦੇ ਅਹੁਦੇ ‘ਤੇ ਤੈਨਾਤ ਸਨ। ਉਹ ਆਪਣੀ ਡਿਊਟੀ ਦੌਰਾਨ ਸਖ਼ਤੀ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਉਹ ਪਹਿਲਾਂ ਕਈ ਮਹੱਤਵਪੂਰਨ ਅਹੁਦਿਆਂ ਜਿਵੇਂ ਕਿ ਗੁਰਗਾਂਵ, ਰੋਹਤਕ ਅਤੇ ਅੰਬਾਲਾ ਦੇ ਪੁਲਿਸ ਮੁਖੀ ਵਜੋਂ ਸੇਵਾ ਨਿਭਾ ਚੁੱਕੇ ਸਨ।
ਉਨ੍ਹਾਂ ਦੀ ਪਤਨੀ, ਆਈਏਐਸ ਅਧਿਕਾਰੀ ਅਮਨਪੀਤ ਪੀ., ਇਸ ਸਮੇਂ ਇੱਕ ਸਰਕਾਰੀ ਦੌਰੇ ‘ਤੇ ਜਪਾਨ ਗਈ ਹੋਈ ਹੈ। ਘਟਨਾ ਦੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਈ ਗਈ ਹੈ ਅਤੇ ਉਹ ਤੁਰੰਤ ਵਾਪਸੀ ਦੀ ਤਿਆਰੀ ਕਰ ਰਹੀ ਹੈ।
ਪ੍ਰਾਰੰਭਿਕ ਜਾਂਚ ਦੌਰਾਨ ਪੁਲਿਸ ਨੇ ਘਰ ਤੋਂ ਇੱਕ ਹਥਿਆਰ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਹਾਲਾਂਕਿ ਖੁਦਕੁਸ਼ੀ ਦੇ ਕਾਰਣਾਂ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਸਾਰੇ ਪੱਖਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।
ਵਾਈ. ਪੂਰਨ ਕੁਮਾਰ ਦੀ ਅਚਾਨਕ ਮੌਤ ਨਾਲ ਹਰਿਆਣਾ ਪੁਲਿਸ ਵਿਭਾਗ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਇੱਕ ਸਿਧੇ, ਨਿਸ਼ਪੱਖ ਅਤੇ ਸਮਰਪਿਤ ਅਧਿਕਾਰੀ ਵਜੋਂ ਯਾਦ ਕੀਤਾ ਜਾ ਰਿਹਾ ਹੈ।