ਮੁੰਬਈ : ਭਾਰਤ ਦੀ ਇਸ਼ਤਿਹਾਰਬਾਜ਼ੀ ਦੀ ਦੁਨੀਆ ਦਾ ਚਮਕਦਾ ਤਾਰਾ, ਮਸ਼ਹੂਰ ਐਡ ਗੁਰੂ ਅਤੇ ਪਦਮਸ਼੍ਰੀ ਪੁਰਸਕਾਰ ਜੇਤੂ ਪੀਯੂਸ਼ ਪਾਂਡੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ 70 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਪੂਰੇ ਇਸ਼ਤਿਹਾਰ ਉਦਯੋਗ ਅਤੇ ਰਚਨਾਤਮਕ ਜਗਤ ਵਿੱਚ ਗਮ ਦੀ ਲਹਿਰ ਦੌੜਾ ਦਿੱਤੀ ਹੈ।
ਪੀਯੂਸ਼ ਪਾਂਡੇ ਨੂੰ ਭਾਰਤ ਦੇ ਐਡਵਰਟਾਈਜ਼ਿੰਗ ਖੇਤਰ ਦਾ ਸਭ ਤੋਂ ਵੱਡਾ ਚਿਹਰਾ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਈ ਇਤਿਹਾਸਕ ਇਸ਼ਤਿਹਾਰ ਮੁਹਿੰਮਾਂ ਦੀ ਰਚਨਾ ਕੀਤੀ, ਜੋ ਨਾ ਸਿਰਫ਼ ਲੋਕਾਂ ਦੇ ਮਨ ਵਿੱਚ ਵੱਸੀਆਂ ਸਗੋਂ ਭਾਰਤ ਦੀ सामੂਹਕ ਸੋਚ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਵੱਲੋਂ ਬਣਾਇਆ ਗਿਆ “ਅਬਕੀ ਬਾਰ ਮੋਦੀ ਸਰਕਾਰ” ਨਾਅਰਾ 2014 ਦੀਆਂ ਲੋਕ ਸਭਾ ਚੋਣਾਂ ਦਾ ਸਭ ਤੋਂ ਸ਼ਕਤੀਸ਼ਾਲੀ ਸੁਨੇਹਾ ਬਣਿਆ, ਜਿਸ ਨੇ ਭਾਰਤੀ ਰਾਜਨੀਤਿਕ ਪ੍ਰਚਾਰ ਦਾ ਰੁਖ ਹੀ ਬਦਲ ਦਿੱਤਾ।
ਇਸ ਤੋਂ ਇਲਾਵਾ “ਮਿਲੇ ਸੁਰ ਮੇਰਾ ਤੁਮਹਾਰਾ”, ਫੇਵੀਕੋਲ ਦਾ ਇਤਿਹਾਸਕ ਨਾਅਰਾ — “ਯੇ ਫੇਵੀਕੋਲ ਕਾ ਜੋੜ ਹੈ, ਟੁੱਟੇਗਾ ਨਹੀਂ”, ਅਤੇ ਫੇਵੀਕੁਇੱਕ ਦਾ “ਚਟਕਾ ਲਗਾ” ਵਰਗੀਆਂ ਦਹਾਕਿਆਂ ਤੱਕ ਲੋਕਾਂ ਦੀ ਜ਼ੁਬਾਨ ‘ਤੇ ਰਹਿਣ ਵਾਲੀਆਂ ਰਚਨਾਵਾਂ ਵੀ ਪਾਂਡੇ ਦੀ ਰਚਨਾਤਮਕ ਬੁੱਧੀ ਦੀ ਹੀ ਦੇਣ ਸਨ।
ਜੈਪੁਰ ਵਿੱਚ ਜਨਮ, 9 ਭੈਣ-ਭਰਾਵਾਂ ਦੀ ਪਰਿਵਾਰਕ ਮਿਰਾਸ
ਪੀਯੂਸ਼ ਪਾਂਡੇ ਦਾ ਜਨਮ 1955 ਵਿੱਚ ਜੈਪੁਰ ਵਿੱਚ ਹੋਇਆ। ਉਹ 9 ਭੈਣ-ਭਰਾ ਸਨ—ਸੱਤ ਭੈਣਾਂ ਅਤੇ ਦੋ ਭਰਾ। ਉਨ੍ਹਾਂ ਦੀ ਭੈਣ ਇਲਾ ਅਰੁਣ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਹੈ ਜਦੋਂ ਕਿ ਭਰਾ ਪ੍ਰਸੂਨ ਪਾਂਡੇ ਪ੍ਰਸਿੱਧ ਨਿਰਦੇਸ਼ਕ ਹਨ। ਉਨ੍ਹਾਂ ਦੇ ਪਿਤਾ ਇੱਕ ਬੈਂਕ ਵਿੱਚ ਨੌਕਰੀ ਕਰਦੇ ਸਨ।
ਜੈਪੁਰ ਵਿੱਚ ਸਕੂਲੀ ਸਿੱਖਿਆ ਤੋਂ ਬਾਅਦ, ਉਨ੍ਹਾਂ ਨੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਇਤਿਹਾਸ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਵਿਦਿਆਰਥੀ ਜੀਵਨ ਦੌਰਾਨ ਉਹ ਇੱਕ ਸ਼ਾਨਦਾਰ ਕ੍ਰਿਕਟਰ ਵੀ ਰਹੇ ਅਤੇ ਰਣਜੀ ਟਰਾਫੀ ਵਿੱਚ ਰਾਜਸਥਾਨ ਟੀਮ ਦੀ ਨੁਮਾਇੰਦਗੀ ਕੀਤੀ।
ਇਸੇ ਦੌਰਾਨ ਉਨ੍ਹਾਂ ਦੀ ਦਿਲਚਸਪੀ ਰਚਨਾਤਮਕ ਖੇਤਰ ਵਲ ਵਧੀ ਅਤੇ ਉਹ ਇਸ਼ਤਿਹਾਰਾਂ ਦੀ ਦੁਨੀਆ ਵਿੱਚ ਦਾਖਲ ਹੋਏ।
ਓਗਿਲਵੀ ਨਾਲ 4 ਦਹਾਕਿਆਂ ਦਾ ਸਫ਼ਰ
ਪੀਯੂਸ਼ ਪਾਂਡੇ ਨੇ 27 ਸਾਲ ਦੀ ਉਮਰ ਵਿੱਚ ਇਸ਼ਤਿਹਾਰ ਉਦਯੋਗ ਵਿੱਚ ਕਦਮ ਰੱਖਿਆ।
1982 ਵਿੱਚ ਉਹ ਦੁਨੀਆ ਦੀ ਮਸ਼ਹੂਰ ਇਸ਼ਤਿਹਾਰਬਾਜ਼ੀ ਏਜੰਸੀ Ogilvy ਨਾਲ ਜੁੜੇ ਅਤੇ ਕ੍ਰੀਏਟਿਵ ਜਗਤ ਵਿੱਚ ਆਪਣਾ ਅੱਧਿਕਾਰ ਸਥਾਪਤ ਕਰ ਲਿਆ।
1994 ਵਿੱਚ ਉਨ੍ਹਾਂ ਨੂੰ ਕੰਪਨੀ ਦੇ ਬੋਰਡ ਵਿੱਚ ਸ਼ਾਮਲ ਕੀਤਾ ਗਿਆ।
ਉਨ੍ਹਾਂ ਦੀ ਰਚਨਾਤਮਕ ਕਾਬਲੀਅਤ ਨੂੰ ਧਿਆਨ ਵਿੱਚ ਰੱਖਦਿਆਂ,
2016 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਇਸ਼ਤਿਹਾਰਬਾਜ਼ੀ ਨੂੰ ਦਿੱਤੀ ਨਵੀਂ ਸੋਚ
ਪੀਯੂਸ਼ ਪਾਂਡੇ ਨੇ ਸਾਬਤ ਕੀਤਾ ਕਿ ਵਿਗਿਆਪਨ ਸਿਰਫ਼ ਉਤਪਾਦਾਂ ਦੀ ਵਿਕਰੀ ਨਹੀਂ ਬਲਕਿ ਭਾਵਨਾਵਾਂ ਦੀ ਭਾਸ਼ਾ ਵੀ ਹੈ।
ਉਨ੍ਹਾਂ ਨੇ ਆਮ ਲੋਕਾਂ ਦੇ ਦਿਲਾਂ ਨਾਲ ਗੱਲ ਕਰਨ ਵਾਲੀ ਐਡਵਰਟਾਈਜ਼ਿੰਗ ਨੂੰ ਇੱਕ ਨਵੀਂ ਪਹਿਚਾਨ ਦਿੱਤੀ।
ਰਚਨਾਤਮਕਤਾ ਦਾ ਯੁੱਗ ਅੰਤਮ ਪੜਾਅ ‘ਤੇ
ਇਸ਼ਤਿਹਾਰਬਾਜ਼ੀ ਦੀ ਦੁਨੀਆ ਪੀਯੂਸ਼ ਪਾਂਡੇ ਨੂੰ ਇੱਕ ਐਸੇ ਰਚਨਹਾਰ ਵਜੋਂ ਯਾਦ ਰੱਖੇਗੀ, ਜਿਸ ਨੇ ਸ਼ਬਦਾਂ ਨਾਲ ਜਾਦੂ ਕੀਤਾ ਅਤੇ ਹਰ ਪੀੜ੍ਹੀ ਨੂੰ ਪ੍ਰੇਰਿਤ ਕੀਤਾ। ਉਦਯੋਗ ਮਾਹਿਰਾਂ, ਰਾਜਨੀਤਿਕ ਨੇਤਾਵਾਂ ਅਤੇ ਕਲਾਕਾਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਾ ਸਿਲਸਿਲਾ ਜਾਰੀ ਹੈ।