ਅਜਨਾਲਾ ਦੇ ਸਰਕਾਰੀ ਕਾਲਜ ਕੋਲ ਇੱਕ ਦਹਿਸ਼ਤ ਫੈਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਇਕ ਹੋਰ ਨੌਜਵਾਨ ਦੀ ਕਾਰ ਨੂੰ ਫ਼ਿਲਮੀ ਸਟਾਈਲ ਵਿੱਚ ਘੇਰ ਕੇ ਉਸ ਉੱਤੇ ਦਾਤਰਾਂ, ਕਿਰਪਾਨਾਂ ਅਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਫੁਟੇਜ ਵਿੱਚ ਸਪਸ਼ਟ ਦਿਖਾਈ ਦਿੰਦਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਆਪਣੀ ਕਾਰ ਪੀੜਤ ਦੀ ਗੱਡੀ ਦੇ ਅੱਗੇ ਲਗਾ ਕੇ ਰਸਤਾ ਰੋਕਿਆ ਅਤੇ ਦੂਜੀ ਕਾਰ ਨਾਲ ਪਿੱਛੋਂ ਘੇਰ ਲਿਆ। ਉਸ ਤੋਂ ਬਾਅਦ 6 ਤੋਂ 7 ਨੌਜਵਾਨ ਕਾਰ ਵਿੱਚੋਂ ਉਤਰ ਕੇ ਡਾਂਗਾਂ, ਸੋਟੀਆਂ ਅਤੇ ਹਥਿਆਰਾਂ ਨਾਲ ਉਸ ਦੀ ਕਾਰ ’ਤੇ ਟੁੱਟ ਪਏ। ਗੱਡੀ ਦੇ ਸ਼ੀਸ਼ੇ ਤੋੜੇ ਗਏ ਅਤੇ ਫਿਰ ਨੌਜਵਾਨ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ।
ਐਸਐਚਓ ਅਜਨਾਲਾ ਨੇ ਦੱਸਿਆ ਕਿ ਇਹ ਵਾਕਿਆ 14 ਅਗਸਤ ਦੀ ਸ਼ਾਮ ਵਾਪਰਿਆ। ਪੁਰਾਣੀ ਰੰਜਿਸ਼ ਦੇ ਤਹਿਤ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ। ਹਮਲੇ ਦੌਰਾਨ ਉਸ ਨੂੰ ਦਾਤਰਾਂ ਅਤੇ ਕਿਰਪਾਨਾਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਹਮਲੇ ਵਿੱਚ ਸ਼ਾਮਲ 6–7 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੀੜਤ ਨੌਜਵਾਨ ਨੇ ਆਪਣਾ ਬਿਆਨ ਦਿੰਦੇ ਕਿਹਾ ਕਿ ਉਹ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਗੁਰਦੁਆਰਾ ਸਾਹਿਬ ਕੋਲ ਪਹੁੰਚਿਆ ਤਾਂ ਦੋ ਕਾਰਾਂ ਨੇ ਉਸਦੀ ਗੱਡੀ ਨੂੰ ਅੱਗੋਂ ਤੇ ਪਿੱਛੋਂ ਰੋਕ ਲਿਆ। ਉਸ ਦੇ ਬਾਅਦ ਹਮਲਾਵਰਾਂ ਨੇ ਉਸ ਉੱਤੇ ਡਾਂਗਾਂ, ਸੋਟੀਆਂ ਅਤੇ ਦਾਤਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਪਹਿਲਾਂ ਜੋ ਰੰਜਿਸ਼ ਸੀ, ਉਸਦਾ ਸਮਝੌਤਾ ਹੋ ਚੁੱਕਾ ਸੀ, ਪਰ ਹਮਲਾਵਰਾਂ ਨੇ ਉਸਦੀ ਕੋਈ ਗੱਲ ਨਾ ਸੁਣੀ ਅਤੇ ਲਗਾਤਾਰ ਹਮਲਾ ਕਰਦੇ ਰਹੇ। ਮਾਰ-ਕੁੱਟ ਦੌਰਾਨ ਉਹ ਜ਼ਮੀਨ ’ਤੇ ਡਿੱਗ ਪਿਆ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਹੁਣ ਪੀੜਤ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇ ਤਾਂ ਜੋ ਅਜਿਹੇ ਵਾਕਿਆਂ ਦੀ ਦੁਹਰਾਈ ਨਾ ਹੋ ਸਕੇ।