America Deportation Case : 73 ਸਾਲਾਂ ਬਾਅਦ ਪੰਜਾਬ ਵਾਪਸੀ, ਹਰਜੀਤ ਕੌਰ ਨੇ ਸੁਣਾਇਆ ਆਪਣਾ ਦਰਦ – “ਮੇਰਾ ਪਰਿਵਾਰ ਅਮਰੀਕਾ ’ਚ, ਮੈਂ ਇੱਥੇ ਇਕੱਲੀ”…

ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਸਾਲ ਫਰਵਰੀ ਵਿੱਚ ਹੀ ਸੈਂਕੜਿਆਂ ਪੰਜਾਬੀ ਪਰਵਾਸੀਆਂ ਨੂੰ ਦੇਸ਼ੋਂ ਕੱਢਿਆ ਗਿਆ ਸੀ ਅਤੇ ਹੁਣ ਇੱਕ ਹੋਰ ਮਾਮਲੇ ਨੇ ਪੰਜਾਬ ਸਮੇਤ ਵਿਦੇਸ਼ੀ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤਾਜ਼ਾ ਘਟਨਾ ਵਿੱਚ ਪੰਜਾਬ ਦੀ 73 ਸਾਲਾ ਹਰਜੀਤ ਕੌਰ ਨੂੰ 34 ਸਾਲਾਂ ਬਾਅਦ ਅਮਰੀਕਾ ਤੋਂ ਜ਼ਬਰਦਸਤੀ ਭਾਰਤ ਭੇਜ ਦਿੱਤਾ ਗਿਆ। ਉਸਨੂੰ ਡਿਪੋਰਟ ਕਰਨ ਦੌਰਾਨ ਜ਼ੰਜੀਰਾਂ ਨਾਲ ਬੰਨ੍ਹ ਕੇ ਭੇਜਿਆ ਗਿਆ, ਜਿਸਨੂੰ ਲੋਕਾਂ ਵੱਲੋਂ ਬੇਹੱਦ ਅਣਮਨੁੱਖੀ ਕਦਮ ਕਰਾਰ ਦਿੱਤਾ ਜਾ ਰਿਹਾ ਹੈ।

ਕੈਲੀਫੋਰਨੀਆ ਵਿੱਚ ਵਿਰੋਧ, ਪਰ ਕਾਰਵਾਈ ਨਹੀਂ ਰੁਕੀ

ਹਰਜੀਤ ਕੌਰ ਦੇ ਡਿਪੋਰਟੇਸ਼ਨ ਨੇ ਅਮਰੀਕਾ ਦੇ ਸਿੱਖ ਤੇ ਭਾਰਤੀ ਭਾਈਚਾਰੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ। ਕਈ ਸੰਗਠਨਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਕਦਮ ਨੂੰ ਜ਼ਾਲਮ, ਅਣਮਨੁੱਖੀ ਅਤੇ ਬੇਲੋੜਾ ਕਰਾਰ ਦਿੰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤੇ। ਕੈਲੀਫੋਰਨੀਆ ਵਿੱਚ ਕਈ ਅਮਰੀਕੀ ਨੇਤਾ ਅਤੇ ਸਮਾਜਿਕ ਸੰਗਠਨ ਖੁੱਲ੍ਹ ਕੇ ਹਰਜੀਤ ਦੇ ਹੱਕ ਵਿੱਚ ਸਾਹਮਣੇ ਆਏ। ਉਹਨਾਂ ਦਾ ਕਹਿਣਾ ਸੀ ਕਿ ਇੱਕ ਬੁਜ਼ੁਰਗ ਔਰਤ ਨੂੰ ਇਸ ਤਰ੍ਹਾਂ ਹਿਰਾਸਤ ਵਿੱਚ ਲੈ ਕੇ ਡਿਪੋਰਟ ਕਰਨਾ ਅਮਰੀਕਾ ਦੇ ਮਨੁੱਖੀ ਅਧਿਕਾਰਾਂ ਦੇ ਦਾਵਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ।

ਹਿਰਾਸਤ ਦੌਰਾਨ ਤਸ਼ੱਦਦ ਦੇ ਦੋਸ਼

ਪੰਜਾਬ ਵਾਪਸ ਆ ਕੇ ਆਪਣੇ ਭਰਾ ਦੇ ਘਰ ਰਹਿ ਰਹੀ ਹਰਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਨਾਲ ਹੋਏ ਜ਼ੁਲਮ ਬਾਰੇ ਦਿਲ ਦਹਿਲਾ ਦੇਣ ਵਾਲੇ ਖੁਲਾਸੇ ਕੀਤੇ। ਉਸਨੇ ਦੱਸਿਆ ਕਿ ਹਿਰਾਸਤ ਦੌਰਾਨ ਉਸਨੂੰ ਗੰਭੀਰ ਬੀਮਾਰੀਆਂ ਦੇ ਬਾਵਜੂਦ ਕੋਈ ਦਵਾਈ ਨਹੀਂ ਦਿੱਤੀ ਗਈ। “ਕੜਾਕੇ ਦੀ ਠੰਢ ਵਿੱਚ ਮੈਨੂੰ ਸਿਰਫ਼ ਇੱਕ ਚਾਦਰ ਦਿੱਤੀ ਗਈ। ਦਿਨਾਂ ਤੱਕ ਮੈਂ ਸਿਰਫ਼ ਚਿਪਸ ਅਤੇ ਸੈਂਡਵਿਚ ਖਾ ਕੇ ਗੁਜ਼ਾਰਾ ਕੀਤਾ,” ਉਸਨੇ ਰੋਂਦਿਆਂ ਕਿਹਾ। ਹਰਜੀਤ ਨੇ ਦਾਅਵਾ ਕੀਤਾ ਕਿ ਉਸ ਨਾਲ ਇੱਕ ਹਾਰਡਕੋਰ ਕ੍ਰਿਮਿਨਲ ਵਾਂਗ ਸਲੂਕ ਕੀਤਾ ਗਿਆ, ਜਿਸ ਨਾਲ ਉਸਦੀ ਮਾਨਸਿਕ ਤੇ ਸਰੀਰਕ ਹਾਲਤ ਬਹੁਤ ਖਰਾਬ ਹੋ ਗਈ।

ਹਰਜੀਤ ਕੌਰ ਦਾ ਅਮਰੀਕਾ ਵਿੱਚ ਸਫ਼ਰ

ਹਰਜੀਤ ਕੌਰ 1992 ਵਿੱਚ ਆਪਣੇ ਦੋ ਪੁੱਤਰਾਂ ਨਾਲ ਇੱਕ ਸਿੰਗਲ ਮਾਂ ਵਜੋਂ ਅਮਰੀਕਾ ਗਈ ਸੀ। ਕੈਲੀਫੋਰਨੀਆ ਦੇ ਈਸਟ ਬੇ ਏਰੀਆ ਵਿੱਚ ਉਹ ਲੰਬੇ ਸਮੇਂ ਤੱਕ ਰਹੀ ਅਤੇ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ‘ਤੇ ਕੰਮ ਕਰਦੀ ਰਹੀ। ਉਸਦੀ ਪੋਤੀ ਸੁਖਦੀਪ ਕੌਰ ਨੇ ਦੱਸਿਆ ਕਿ ਹਰਜੀਤ ਕੌਰ ਸਿਰਫ਼ ਆਪਣੇ ਪਰਿਵਾਰ ਲਈ ਨਹੀਂ ਸਗੋਂ ਸਾਰੇ ਸਿੱਖ ਭਾਈਚਾਰੇ ਲਈ ਇੱਕ ਮਾਂ ਵਰਗੀ ਸੀ, ਜੋ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੀ ਸੀ।

ਸ਼ਰਣ ਲਈ ਲੰਬੀ ਲੜਾਈ, ਪਰ ਨਿਰਾਸ਼ਾ

ਹਰਜੀਤ ਕੌਰ ਨੇ ਅਮਰੀਕਾ ਵਿੱਚ ਕਈ ਵਾਰ ਸ਼ਰਣ ਲਈ ਅਰਜ਼ੀਆਂ ਦਿੱਤੀਆਂ। 2012 ਤੋਂ ਉਹ ਸ਼ਰਣ ਦਾ ਦਰਜਾ ਹਾਸਲ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੀ ਸੀ। ਭਾਵੇਂ ਉਸਦੀ ਅਰਜ਼ੀ ਰੱਦ ਹੋ ਗਈ ਸੀ, ਪਰ ਉਹ ਹਰ ਛੇ ਮਹੀਨੇ ਬਾਅਦ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਦਫ਼ਤਰ ਵਿੱਚ ਨਿਯਮਤ ਤੌਰ ’ਤੇ ਰਿਪੋਰਟ ਕਰਦੀ ਰਹੀ। ਉਸਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਯਾਤਰਾ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਤੱਕ ਉਹ ਨਿਗਰਾਨੀ ਹੇਠ ਅਮਰੀਕਾ ਵਿੱਚ ਰਹਿ ਸਕਦੀ ਹੈ। ਪਰ ਇੱਕ ਨਿਯਮਤ ਚੈਕ ਦੌਰਾਨ ਆਈਸੀਈ (ICE) ਅਧਿਕਾਰੀਆਂ ਨੇ ਅਚਾਨਕ ਉਸਨੂੰ ਹਿਰਾਸਤ ਵਿੱਚ ਲੈ ਲਿਆ।

ਡਿਪੋਰਟੇਸ਼ਨ ਪ੍ਰਕਿਰਿਆ ਦੌਰਾਨ ਉਸਨੂੰ ਪਹਿਲਾਂ ਬੇਕਰਸਫੀਲਡ, ਫਿਰ ਲਾਸ ਏਂਜਲਸ, ਜਾਰਜੀਆ ਅਤੇ ਅੰਤ ਵਿੱਚ ਦਿੱਲੀ ਭੇਜਿਆ ਗਿਆ। 8 ਸਤੰਬਰ 2025 ਨੂੰ ਸੈਨ ਫਰਾਂਸਿਸਕੋ ਵਿੱਚ ਉਸਨੂੰ ਫੜਿਆ ਗਿਆ ਅਤੇ ਬੇਕਰਸਫੀਲਡ ਦੇ ਮੇਸਾ ਫਰਡੇ ਜੇਲ੍ਹ ਵਿੱਚ ਰੱਖਿਆ ਗਿਆ, ਜਿੱਥੋਂ ਉਸਦੀ ਅਮਰੀਕਾ ਨਾਲ 30 ਸਾਲਾਂ ਦੀ ਜ਼ਿੰਦਗੀ ਦਾ ਅੰਤ ਹੋ ਗਿਆ।

ਇਕੱਲੇਪਨ ਦਾ ਦਰਦ

ਹਰਜੀਤ ਕੌਰ ਨੇ ਭਾਵੁਕ ਹੋ ਕੇ ਕਿਹਾ, “ਮੇਰਾ ਸਾਰਾ ਪਰਿਵਾਰ ਅਜੇ ਵੀ ਅਮਰੀਕਾ ਵਿੱਚ ਹੈ ਅਤੇ ਮੈਂ ਇੱਥੇ ਪੰਜਾਬ ਵਿੱਚ ਇਕੱਲੀ ਹਾਂ। 34 ਸਾਲਾਂ ਦੀ ਜ਼ਿੰਦਗੀ, ਮੇਰੇ ਦੋ ਪੁੱਤਰ, ਮੇਰੇ ਪੋਤੇ-ਪੋਤੀਆਂ – ਸਾਰਾ ਕੁਝ ਉੱਥੇ ਹੀ ਰਹਿ ਗਿਆ।” ਉਸਦੀ ਕਹਾਣੀ ਸਿਰਫ਼ ਇੱਕ ਔਰਤ ਦੀ ਤਕਲੀਫ਼ ਨਹੀਂ, ਸਗੋਂ ਉਹਨਾਂ ਹਜ਼ਾਰਾਂ ਪੰਜਾਬੀਆਂ ਦੀ ਹਕੀਕਤ ਹੈ ਜੋ ਬਿਹਤਰ ਭਵਿੱਖ ਦੀ ਖ਼ਾਤਰ ਪਰਦੇਸ ਜਾਂਦੇ ਹਨ ਪਰ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਭੇਂਟ ਚੜ੍ਹ ਜਾਂਦੇ ਹਨ।

ਹਰਜੀਤ ਕੌਰ ਦੀ ਮਿਸਾਲ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਤੇ ਮਨੁੱਖੀ ਅਧਿਕਾਰਾਂ ਬਾਰੇ ਇੱਕ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ।

Leave a Reply

Your email address will not be published. Required fields are marked *