ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਬਾਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਈਆਂ। ਉਨ੍ਹਾਂ ਨੇ ਗੁਰੁ ਘਰ ਵਿਚ ਹਾਜ਼ਰੀ ਭਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਬਾਦਲ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਅਧੀਨ ਸ੍ਰੀ ਆਖੰਡ ਪਾਠ ਦੇ ਭੋਗ ਸਮਾਗਮ ਅਤੇ ਨਵੇਂ ਪਾਠ ਦੀ ਸ਼ੁਰੂਆਤ ਮੌਕੇ ਉਹਨਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਪੰਜਾਬ ਵਿੱਚ ਹਾਲ ਹੀ ਵਿੱਚ ਆਈ ਹੜ੍ਹਾਂ ਦੀ ਗੰਭੀਰ ਸਥਿਤੀ ਉੱਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਅਤੇ ਦਰਿਆਵਾਂ ਵਿੱਚ ਆਏ ਤੂਫਾਨੀ ਪਾਣੀਆਂ ਨੇ ਕਈ ਪਿੰਡਾਂ ਅਤੇ ਖੇਤਾਂ ਨੂੰ ਤਬਾਹ ਕਰ ਦਿੱਤਾ ਹੈ। ਕਿਸਾਨ, ਮਜ਼ਦੂਰ ਅਤੇ ਆਮ ਪਰਿਵਾਰ ਇਸ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਪਰ ਦੁੱਖ ਦੀ ਗੱਲ ਹੈ ਕਿ ਰਾਜ ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਰਹੀ।
ਉਨ੍ਹਾਂ ਸਖ਼ਤ ਸ਼ਬਦਾਂ ’ਚ ਕਿਹਾ ਕਿ, “ਜੇ ਪੰਜਾਬ ਸਰਕਾਰ ਲੋਕਾਂ ਲਈ ਹੋਰ ਕੁਝ ਨਹੀਂ ਕਰ ਸਕਦੀ ਤਾਂ ਘੱਟੋਂ-ਘੱਟ ਇੱਕ ਹੈਲਪਲਾਈਨ ਨੰਬਰ ਹੀ ਜਾਰੀ ਕਰ ਦੇਵੇ, ਤਾਂ ਜੋ ਹੜ੍ਹ ਪੀੜਤ ਲੋਕ ਆਪਣੀ ਸਮੱਸਿਆ ਦਰਜ ਕਰਵਾ ਸਕਣ।”
ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਸੁਖ-ਦੁੱਖ ’ਚ ਅੱਗੇ ਰਹਿੰਦੇ ਸਨ। ਉਹਨਾਂ ਦਾ ਜੋ ਰਵੱਈਆ ਲੋਕਾਂ ਪ੍ਰਤੀ ਸੀ, ਅੱਜ ਉਸਦੀ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਸਾਂਸਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ NDRF ਦੀਆਂ ਟੀਮਾਂ ਅਤੇ ਰਾਹਤ ਕਾਰਜ ਲਈ ਲੋੜੀਂਦੀਆਂ ਕਿਸ਼ਤੀਆਂ ਤੁਰੰਤ ਪੰਜਾਬ ਭੇਜੀਆਂ ਜਾਣ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਪੰਜਾਬ ਦਾ ਦੌਰਾ ਕਰਨ ਅਤੇ ਹੜ੍ਹ ਪੀੜਤ ਪਰਿਵਾਰਾਂ ਦੀ ਹਾਲਤ ਨੂੰ ਆਪਣੀਆਂ ਅੱਖਾਂ ਨਾਲ ਵੇਖਣ।
ਹਰਸਿਮਰਤ ਕੌਰ ਬਾਦਲ ਨੇ ਚਿੰਤਾ ਜਤਾਈ ਕਿ ਦੇਸ਼ ਦਾ “ਢਿੱਡ ਭਰਨ ਵਾਲਾ ਕਿਸਾਨ” ਅੱਜ ਭਾਰੀ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਫਸਲਾਂ ਪਾਣੀ ਹੇਠ ਆ ਗਈਆਂ ਹਨ, ਪਸ਼ੂਆਂ ਲਈ ਚਾਰੇ ਦੀ ਕਮੀ ਹੋ ਗਈ ਹੈ ਅਤੇ ਹੜ੍ਹ ਕਾਰਨ ਕਈ ਘਰ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਕੇਂਦਰ ਅਤੇ ਰਾਜ ਸਰਕਾਰ ਨੂੰ ਇਕੱਠੇ ਹੋ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।