ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ NRI ਮਲਕੀਤ ਸਿੰਘ ਕਤਲ ਮਾਮਲਾ: ਦੋ ਮੁਲਜ਼ਮ ਗ੍ਰਿਫ਼ਤਾਰ, ਅੱਤਵਾਦੀ ਸੰਗਠਨ KLF ਨਾਲ ਡੂੰਘਾ ਕਨੈਕਸ਼ਨ ਬੇਨਕਾਬ…

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਛੇ ਦਿਨ ਪਹਿਲਾਂ ਇਟਲੀ ਵਿੱਚ ਵਸਦੇ NRI ਮਲਕੀਤ ਸਿੰਘ ਦੇ ਕਤਲ ਮਾਮਲੇ ਦੀ ਗੁਥੀ ਸੁਲਝਾ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ — ਬਿਕਰਮਜੀਤ ਸਿੰਘ ਉਰਫ਼ ਬਿਕਰਮ ਅਤੇ ਕਰਨ ਸਿੰਘ — ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਤਲ ਰਾਜਾਸਾਂਸੀ ਖੇਤਰ ਵਿੱਚ ਫਿਰੌਤੀ ਲਈ ਕੀਤਾ ਗਿਆ ਸੀ, ਜਿਸ ਨੇ ਸਥਾਨਕ ਪੱਧਰ ’ਤੇ ਸਨਸਨੀ ਮਚਾ ਦਿੱਤੀ ਸੀ।

ਅੰਮ੍ਰਿਤਸਰ ਦੇ ਦਿਹਾਤੀ SSP ਡਾ. ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਮੁੱਖ ਦੋਸ਼ੀ ਬਿਕਰਮਜੀਤ ਸਿੰਘ ਦਾ ਸੰਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਹੈ। ਉਹ ਕਾਫ਼ੀ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੀ ਰਡਾਰ ‘ਤੇ ਸੀ ਕਿਉਂਕਿ ਉਸਦੇ ਖ਼ਿਲਾਫ਼ ਪਹਿਲਾਂ ਹੀ Explosives Act, Arms Act ਅਤੇ Attempt to Murder ਤਹਿਤ ਕਈ ਗੰਭੀਰ ਮਾਮਲੇ ਦਰਜ ਹਨ।

ਪੁਲਿਸ ਰਿਪੋਰਟ ਮੁਤਾਬਕ, ਬਿਕਰਮਜੀਤ ਸਿੰਘ ਉਹੀ ਵਿਅਕਤੀ ਹੈ ਜੋ 2018 ਵਿੱਚ ਰਾਜਾਸਾਂਸੀ ਦੇ ਇੱਕ ਧਾਰਮਿਕ ਸਥਾਨ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਸ਼ਾਮਲ ਸੀ। ਉਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ। ਉਸ ਸਮੇਂ ਵੀ ਬਿਕਰਮਜੀਤ ਦਾ ਨਾਂ KLF ਨਾਲ ਜੁੜੇ ਨੈੱਟਵਰਕ ਵਿੱਚ ਸਾਹਮਣੇ ਆਇਆ ਸੀ, ਪਰ ਉਹ ਪੁਲਿਸ ਤੋਂ ਬਚ ਨਿਕਲਿਆ ਸੀ।

ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਹੁਕਮ ’ਤੇ ਕੰਮ ਕੀਤਾ ਸੀ। ਇਹ ਹੈਂਡਲਰ ਪਾਕਿਸਤਾਨ ਤੋਂ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦੇ ਸਨ, ਜਿਨ੍ਹਾਂ ਦੀ ਵਰਤੋਂ ਪੰਜਾਬ ਵਿੱਚ ਹਮਲੇ ਕਰਨ ਲਈ ਕੀਤੀ ਜਾਣੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਸਿਰਫ਼ ਫਿਰੌਤੀ ਤੱਕ ਸੀਮਤ ਨਹੀਂ, ਸਗੋਂ ਇਸਦੇ ਪਿੱਛੇ ਵੱਡੀ ਅੱਤਵਾਦੀ ਸਾਜ਼ਿਸ਼ ਵੀ ਹੋ ਸਕਦੀ ਹੈ।

ਇਸ ਮਾਮਲੇ ਵਿੱਚ ਦਿਹਾਤੀ ਪੁਲਿਸ ਵੱਲੋਂ ਖ਼ਾਸ ਟੀਮ ਬਣਾਈ ਗਈ ਹੈ ਜੋ ਹੁਣ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕੰਮ ਕਰ ਰਹੀ ਹੈ। ਪੁਲਿਸ ਨੇ ਦੋਨਾਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਗੈਰਕਾਨੂੰਨੀ ਹਥਿਆਰ, ਮੋਬਾਈਲ ਫੋਨ ਅਤੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ।

SSP ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਕਿਸੇ ਵੀ ਅੱਤਵਾਦੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਰਾਜ ਵਿੱਚ ਸ਼ਾਂਤੀ-ਅਮਨ ਬਣਾਈ ਰੱਖਣ ਲਈ ਹਰ ਪੱਧਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *