ਚੰਡੀਗੜ੍ਹ – ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਅਧੀਨ ਵਿਜੀਲੈਂਸ ਬਿਊਰੋ ਨੇ ਮੋਹਾਲੀ ਜ਼ਿਲ੍ਹੇ ਵਿੱਚ ਤੈਨਾਤ ਇੱਕ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅਧਿਕਾਰੀ ਦੀ ਪਛਾਣ ਏ.ਐਸ.ਆਈ. ਓਮ ਪ੍ਰਕਾਸ਼ ਵਜੋਂ ਹੋਈ ਹੈ, ਜੋ ਇਸ ਵੇਲੇ ਖ਼ਰੜ ਥਾਣੇ ਵਿੱਚ ਤੈਨਾਤ ਸੀ ਅਤੇ ਇਸ ਤੋਂ ਪਹਿਲਾਂ ਸੋਹਾਣਾ ਥਾਣੇ ਵਿੱਚ ਵੀ ਡਿਊਟੀ ਨਿਭਾ ਚੁੱਕਾ ਸੀ।
ਵਿਜੀਲੈਂਸ ਬਿਊਰੋ ਦੇ ਅਧਿਕਾਰਕ ਬੁਲਾਰੇ ਅਨੁਸਾਰ, ਇਹ ਕਾਰਵਾਈ ਇੱਕ ਆਨਲਾਈਨ ਸ਼ਿਕਾਇਤ ਦੇ ਆਧਾਰ ’ਤੇ ਹੋਈ, ਜੋ ਮੁੱਖ ਮੰਤਰੀ ਐਂਟੀ ਕਰਪਸ਼ਨ ਐਕਸ਼ਨ ਲਾਈਨ ’ਤੇ ਦਰਜ ਕੀਤੀ ਗਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਸੋਹਾਣਾ ਥਾਣੇ ਵਿੱਚ ਗੁਰਜੀਤ ਸਿੰਘ ਅਤੇ ਉਸ ਦੀ ਪਤਨੀ ਵਿਰੁੱਧ ਇੱਕ ਕੇਸ ਦਰਜ ਸੀ। ਇਸ ਕੇਸ ਨੂੰ ਰੱਦ ਕਰਨ ਦੇ ਬਦਲੇ ਏ.ਐਸ.ਆਈ. ਓਮ ਪ੍ਰਕਾਸ਼ ਨੇ 2.50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਬਾਅਦ ਵਿੱਚ 1.55 ਲੱਖ ਰੁਪਏ ਲੈ ਵੀ ਲਏ।
ਬਿਊਰੋ ਵੱਲੋਂ ਸ਼ਿਕਾਇਤ ਦੀ ਪੁਸ਼ਟੀ ਕਰਨ ਲਈ ਕੀਤੀ ਗਈ ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ। ਇਸ ਤੋਂ ਬਾਅਦ ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ ਅਧੀਨ ਐਸ.ਏ.ਐਸ. ਨਗਰ (ਮੋਹਾਲੀ) ਵਿੱਚ VB ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਧਿਕਾਰਕ ਬੁਲਾਰੇ ਨੇ ਸਾਫ਼ ਕੀਤਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ “ਜ਼ੀਰੋ ਟੋਲਰੈਂਸ” ਨੀਤੀ ਹੈ। ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੇ ਅਹੁਦੇ ਦੇ ਆਧਾਰ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਗ੍ਰਿਫ਼ਤਾਰੀ ਸਪੱਸ਼ਟ ਕਰਦੀ ਹੈ ਕਿ ਵਿਜੀਲੈਂਸ ਬਿਊਰੋ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗਾ।