ਨੈਸ਼ਨਲ ਡੈਸਕ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਵਿੱਚ ਦੇਸ਼ ਦੇ ਤਕਨਾਲੋਜੀ ਖੇਤਰ ਲਈ ਵੱਡੇ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ ਕੁੱਲ ਤਿੰਨ ਵੱਡੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਦੀ ਕੁੱਲ ਲਾਗਤ 18,541 ਕਰੋੜ ਰੁਪਏ ਤੋਂ ਵੱਧ ਹੈ। ਇਸ ਵਿੱਚ ਸਭ ਤੋਂ ਅਹਿਮ ਐਲਾਨ ਦੇਸ਼ ਵਿੱਚ ਚਾਰ ਨਵੇਂ ਸੈਮੀਕੰਡਕਟਰ ਪ੍ਰੋਜੈਕਟਾਂ ਦੀ ਸਥਾਪਨਾ ਨਾਲ ਜੁੜਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਜੈਕਟ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਲਗਭਗ 4,594 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਭਾਰਤ ਨੂੰ ਸੈਮੀਕੰਡਕਟਰ ਨਿਰਮਾਣ ਵਿੱਚ ਆਤਮਨਿਰਭਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਸਗੋਂ ਦੇਸ਼ ਵਿੱਚ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।
ਸੈਮੀਕੰਡਕਟਰ ਉਤਪਾਦਨ ਖੇਤਰ ਵਿੱਚ ਨਿਵੇਸ਼ ਨਾਲ ਦੇਸ਼ ਦੇ ਇਲੈਕਟ੍ਰਾਨਿਕ ਨਿਰਮਾਣ ਸੈਕਟਰ ਨੂੰ ਮਜ਼ਬੂਤੀ ਮਿਲੇਗੀ ਅਤੇ ਚਿਪਾਂ ਦੀ ਆਯਾਤ ਉੱਤੇ ਨਿਰਭਰਤਾ ਘਟੇਗੀ। ਇਹ ਪ੍ਰੋਜੈਕਟ ਖ਼ਾਸ ਕਰਕੇ ਡਿਜ਼ਿਟਲ ਇੰਡੀਆ ਅਤੇ ਮੈਕ ਇਨ ਇੰਡੀਆ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਵੀ ਯੋਗਦਾਨ ਪਾਏਗੇ।
ਮੰਤਰਾਲੇ ਨੇ ਦੱਸਿਆ ਕਿ ਇਹ ਪ੍ਰੋਜੈਕਟ ਵਿਸ਼ਵ ਪੱਧਰੀ ਤਕਨਾਲੋਜੀ ਕੰਪਨੀਆਂ ਦੇ ਸਹਿਯੋਗ ਨਾਲ ਲਾਗੂ ਕੀਤੇ ਜਾਣਗੇ, ਜਿਸ ਨਾਲ ਭਾਰਤ ਨੂੰ ਚਿਪ ਨਿਰਮਾਣ ਦੇ ਖੇਤਰ ਵਿੱਚ ਗਲੋਬਲ ਹੱਬ ਬਣਾਉਣ ਦਾ ਲਕਸ਼ ਹਾਸਲ ਹੋਵੇਗਾ। ਮੀਟਿੰਗ ਦੌਰਾਨ ਹੋਰ ਵੀ ਕਈ ਵਿਕਾਸ ਪ੍ਰੋਜੈਕਟਾਂ ਤੇ ਚਰਚਾ ਹੋਈ ਅਤੇ ਜਲਦੀ ਹੀ ਹੋਰ ਵੱਡੇ ਐਲਾਨਾਂ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ।