ਸ਼ਰਧਾਲੂਆਂ ਲਈ ਵੱਡੀ ਖ਼ਬਰ : ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਸਮੇਤ ਧਾਰਮਿਕ ਸਥਾਨਾਂ ਨੂੰ ਜੋੜਨ ਲਈ ਸ਼ੁਰੂ ਹੋਵੇਗੀ ਬੱਸ ਸੇਵਾ, ਏਸੀ ਭੰਡਾਰਾ ਹਾਲ ਤੇ ਨਵੀਂ ਸੁਵਿਧਾਵਾਂ ਦਾ ਐਲਾਨ…

ਪੰਚਕੂਲਾ : ਧਾਰਮਿਕ ਯਾਤਰਾਵਾਂ ਨੂੰ ਵਧਾਵਾ ਦੇਣ ਅਤੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ ਲਈ ਹਰਿਆਣਾ ਸਰਕਾਰ ਨੇ ਮਹੱਤਵਪੂਰਨ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਕੰਪਲੈਕਸ ਦਾ ਦੌਰਾ ਕਰਦਿਆਂ ਕਈ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ।

ਮੁੱਖ ਮੰਤਰੀ ਨੇ ਦੱਸਿਆ ਕਿ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ ਵਿੱਚ ਜਲਦੀ ਹੀ ਤਿੰਨ ਅਧੁਨਿਕ ਏਅਰ ਕੰਡੀਸ਼ਨਡ ਭੰਡਾਰਾ ਹਾਲ ਬਣਾਏ ਜਾਣਗੇ। ਹਰ ਹਾਲ ਵਿੱਚ ਇੱਕ ਹੀ ਸਮੇਂ 1500 ਤੋਂ ਵੱਧ ਸ਼ਰਧਾਲੂ ਬੈਠ ਕੇ ਪ੍ਰਸ਼ਾਦ ਦਾ ਆਨੰਦ ਲੈ ਸਕਣਗੇ। ਇਸਦੇ ਨਾਲ-ਨਾਲ ਇੱਕ ਅਤਿ-ਆਧੁਨਿਕ ਰਸੋਈ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਭੰਡਾਰੇ ਦੀ ਸੇਵਾ ਸੁਚੱਜੀ ਅਤੇ ਸਾਫ਼-ਸੁਥਰੀ ਰਹੇ। ਸਫ਼ਾਈ ਪ੍ਰਬੰਧਾਂ ਵੱਲ ਖ਼ਾਸ ਧਿਆਨ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।

ਤੀਰਥ ਯਾਤਰਾ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ ਪੰਚਕੂਲਾ ਜ਼ਿਲ੍ਹੇ ਦੇ ਸਾਰੇ ਵੱਡੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਨੂੰ ਇੱਕ ਬੱਸ ਸੇਵਾ ਰਾਹੀਂ ਜੋੜਿਆ ਜਾਵੇਗਾ। ਇਸ ਯੋਜਨਾ ਵਿੱਚ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ, ਚੰਡੀ ਮਾਤਾ ਮੰਦਰ, ਕਾਲੀ ਮਾਤਾ ਮੰਦਰ, ਮੋਰਨੀ, ਵੱਡਾ ਤ੍ਰਿਲੋਕਪੁਰ, ਨਾਡਾ ਸਾਹਿਬ ਆਦਿ ਸ਼ਾਮਲ ਹਨ। ਇਸ ਨਵੀਂ ਸੇਵਾ ਨਾਲ ਸ਼ਰਧਾਲੂਆਂ ਨੂੰ ਆਸਾਨੀ ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।

ਕਾਲੀ ਮਾਤਾ ਮੰਦਰ ਵਿਖੇ ਕਮਲ ਦੇ ਆਕਾਰ ਦੀ ਇਮਾਰਤ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਅੰਦਰ ਪੂਰਾ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਸ਼੍ਰੀ ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਵੱਲੋਂ ਬਣਾਏ ਗਏ ਬੂਥਾਂ ਬਾਰੇ ਵੀ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਬੂਥ ਵਰਤੋਂ ਵਿੱਚ ਨਹੀਂ ਹਨ ਜਾਂ ਖੰਡਰ ਬਣ ਚੁੱਕੇ ਹਨ, ਉਨ੍ਹਾਂ ਦਾ ਸਰਵੇਖਣ ਕਰਕੇ ਹਟਾਉਣ ਜਾਂ ਨਵੀਂ ਯੋਜਨਾ ਅਨੁਸਾਰ ਉਪਯੋਗ ਕਰਨ ਲਈ ਕਦਮ ਚੁੱਕੇ ਜਾਣ। ਉਨ੍ਹਾਂ ਨੇ ਕਿਹਾ ਕਿ ਮੰਦਰ ਦੇ ਮਾਸਟਰ ਪਲਾਨ ਨੂੰ ਧਿਆਨ ਵਿੱਚ ਰੱਖਦਿਆਂ, ਇਸ ਜਗ੍ਹਾ ਨੂੰ ਵਪਾਰਕ ਗਤੀਵਿਧੀਆਂ ਲਈ ਨੀਤੀ ਅਨੁਸਾਰ ਵਿਕਸਿਤ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਦੇ ਇਸ ਐਲਾਨ ਨਾਲ ਨਾ ਸਿਰਫ਼ ਧਾਰਮਿਕ ਯਾਤਰੀਆਂ ਨੂੰ ਸੁਵਿਧਾਵਾਂ ਵਧੀਆ ਮਿਲਣਗੀਆਂ, ਸਗੋਂ ਪੰਚਕੂਲਾ ਜ਼ਿਲ੍ਹੇ ਦੀ ਧਾਰਮਿਕ ਸੈਰ-ਸਪਾਟਾ ਗਤੀਵਿਧੀ ਵਿੱਚ ਵੀ ਵਾਧਾ ਹੋਵੇਗਾ।

Leave a Reply

Your email address will not be published. Required fields are marked *