ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਰਕਾਰੀ, ਏਡਿਡ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਲਈ ਵੱਡੀ ਰਾਹਤ ਦੀ ਘੋਸ਼ਣਾ ਕੀਤੀ ਹੈ। ਬੋਰਡ ਵੱਲੋਂ ਸਾਰੇ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2025-26 ਦੌਰਾਨ 8ਵੀਂ, 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਨਲਾਈਨ ਡਾਟਾ ਐਂਟਰੀ ਦੌਰਾਨ ਜੇਕਰ ਕਿਸੇ ਤਰ੍ਹਾਂ ਦੀ ਗਲਤੀ ਰਹਿ ਗਈ ਹੈ, ਤਾਂ ਹੁਣ ਉਹਨਾਂ ਨੂੰ ਸੋਧ ਕਰਨ ਦਾ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ।
ਬੋਰਡ ਮੁਤਾਬਕ, ਵਿਦਿਆਰਥੀਆਂ ਦੇ ਨਾਂ, ਪਿਤਾ/ਮਾਤਾ ਦਾ ਨਾਂ, ਜਨਮ ਮਿਤੀ, ਆਧਾਰ ਨੰਬਰ, ਰਜਿਸਟ੍ਰੇਸ਼ਨ ਨੰਬਰ, ਫੋਟੋ, ਹਸਤਾਖ਼ਰ, ਮਾਧਿਅਮ, ਵਿਸ਼ੇ ਅਤੇ ਸਟਰੀਮ ਵਰਗੀਆਂ ਅਹਿਮ ਜਾਣਕਾਰੀਆਂ ਵਿੱਚ ਸੋਧ ਲਈ ਸਕੂਲਾਂ ਨੂੰ ਤੈਅ ਸਮੇਂ ਅੰਦਰ ਕਾਰਵਾਈ ਕਰਨੀ ਲਾਜ਼ਮੀ ਹੋਵੇਗੀ।
ਫੀਸ ਰਹਿਤ ਸੋਧ ਲਈ 20 ਤੋਂ 30 ਸਤੰਬਰ ਤੱਕ ਮੌਕਾ
ਪਹਿਲੇ ਪੜਾਅ ਵਿਚ 20 ਸਤੰਬਰ ਤੋਂ 30 ਸਤੰਬਰ ਤੱਕ ਸਕੂਲ ਪੱਧਰ ’ਤੇ ਬਿਨਾਂ ਕਿਸੇ ਫੀਸ ਦੇ ਸੋਧ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸਕੂਲ ਮੁਖੀ ਸੋਧ ਪ੍ਰੋਫਾਰਮਾ ਜਨਰੇਟ ਕਰਕੇ ਵਿਦਿਆਰਥੀਆਂ ਦੇ ਨਾਂ, ਮਾਤਾ-ਪਿਤਾ ਦੇ ਨਾਂ, ਆਧਾਰ ਨੰਬਰ, ਮਾਧਿਅਮ ਆਦਿ ਵਿੱਚ ਲੋੜੀਂਦੀ ਤਰੁੱਟੀ ਠੀਕ ਕਰ ਸਕਦੇ ਹਨ।
ਜ਼ਿਲ੍ਹਾ ਖੇਤਰੀ ਦਫ਼ਤਰ ’ਚ 200 ਰੁਪਏ ਫੀਸ ਨਾਲ ਦੂਜਾ ਪੜਾਅ
ਜੇਕਰ ਕੋਈ ਸਕੂਲ ਪਹਿਲੇ ਪੜਾਅ ਵਿਚ ਸੋਧ ਨਾ ਕਰ ਸਕੇ, ਤਾਂ 1 ਅਕਤੂਬਰ ਤੋਂ 15 ਅਕਤੂਬਰ ਤੱਕ 200 ਰੁਪਏ ਪ੍ਰਤੀ ਸੋਧ ਫੀਸ ਦੇ ਨਾਲ ਸੋਧ ਪ੍ਰੋਫਾਰਮਾ ਅਤੇ ਲੋੜੀਂਦੇ ਦਸਤਾਵੇਜ਼ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਖੇਤਰੀ ਦਫ਼ਤਰਾਂ ਵਿੱਚ ਵੇਰੀਫਿਕੇਸ਼ਨ ਕਰਵਾ ਸਕਦੇ ਹਨ।
ਮੁੱਖ ਦਫ਼ਤਰ ’ਚ ਖਾਸ ਸੋਧ ਲਈ 1000 ਰੁਪਏ ਫੀਸ
ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ, ਫੋਟੋ, ਹਸਤਾਖ਼ਰ, ਵਿਸ਼ੇ ਜਾਂ ਸਟਰੀਮ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਵਿੱਚ ਸੋਧ ਲਈ 20 ਸਤੰਬਰ ਤੋਂ 15 ਅਕਤੂਬਰ ਤੱਕ ਮੌਕਾ ਦਿੱਤਾ ਗਿਆ ਹੈ। ਇਸ ਲਈ ਸਕੂਲਾਂ ਨੂੰ 1000 ਰੁਪਏ ਪ੍ਰਤੀ ਸੋਧ ਫੀਸ ਦੇ ਨਾਲ ਸੋਧ ਪ੍ਰੋਫਾਰਮਾ ਅਤੇ ਜ਼ਰੂਰੀ ਦਸਤਾਵੇਜ਼ ਸਮੇਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਸਬੰਧਤ ਸ਼ਾਖਾ ਵਿੱਚ ਪਹੁੰਚਣਾ ਹੋਵੇਗਾ।
ਬੋਰਡ ਨੇ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਸਮੇਂ ਸਿਰ ਸੋਧ ਪ੍ਰਕਿਰਿਆ ਪੂਰੀ ਕਰਨ ਲਈ ਸ਼ਡਿਊਲ, ਨਿਰਦੇਸ਼ ਅਤੇ ਪ੍ਰੋਸੈਸ ਬੋਰਡ ਦੀ ਅਧਿਕਾਰਿਕ ਵੈੱਬਸਾਈਟ ਅਤੇ ਸਕੂਲਾਂ ਦੀ ਲਾਗਇਨ ਆਈ.ਡੀ. ਰਾਹੀਂ ਵੇਖ ਕੇ ਕਾਰਵਾਈ ਕੀਤੀ ਜਾਵੇ, ਤਾਂ ਜੋ ਵਿਦਿਆਰਥੀਆਂ ਦੇ ਡਾਟਾ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਕਾਰਨ ਆਗਾਮੀ ਪਰੀਖਿਆਵਾਂ ਜਾਂ ਸਰਟੀਫਿਕੇਟ ਜਾਰੀ ਕਰਨ ਵਿੱਚ ਕੋਈ ਦਿੱਕਤ ਨਾ ਆਵੇ।