ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਬੰਦ ਪਏ 50 ਸਾਲ ਪੁਰਾਣੇ ਘਰ ਦੀ ਖੁਦਾਈ ਦੌਰਾਨ ਮਨੁੱਖੀ ਕੰਕਾਲ ਮਿਲਿਆ। ਇਹ ਖੁਲਾਸਾ ਘਰ ਦੀ ਨੀਂਹ ਪੁੱਟਣ ਦੌਰਾਨ ਹੋਇਆ। ਕੰਕਾਲ ਮਿਲਣ ਦੀ ਖ਼ਬਰ ਪਿੰਡ ਵਿੱਚ ਫੈਲਦੇ ਹੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਮਿਲਣ ਉਪਰੰਤ ਪਿੰਡ ਦੇ ਸਰਪੰਚ ਨੇ ਤੁਰੰਤ ਹੀ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀ ਫੋਰੈਂਸਿਕ ਟੀਮਾਂ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਕੰਕਾਲ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਕੰਕਾਲ ਨੂੰ ਫੋਰੈਂਸਿਕ ਲੈਬ ਭੇਜਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿੰਨਾ ਪੁਰਾਣਾ ਹੈ ਅਤੇ ਕਿਸ ਦਾ ਹੈ।
ਲਾਪਤਾ ਘਰ ਮਾਲਿਕ ਉੱਤੇ ਸ਼ੱਕ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਰ ਪਿਛਲੇ ਕਈ ਮਹੀਨਿਆਂ ਤੋਂ ਸੁੰਨਾ ਪਿਆ ਸੀ। ਇਸ ਦਾ ਮਾਲਿਕ ਕੁਲਵੰਤ ਸਿੰਘ ਲਗਭਗ ਪੰਜ ਮਹੀਨੇ ਪਹਿਲਾਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ। ਉਸਦੀ ਪਤਨੀ ਨੇ ਉਸ ਸਮੇਂ ਪੁਲਿਸ ਥਾਣੇ ਵਿੱਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ, ਘਰ ਵਿੱਚੋਂ ਕੰਕਾਲ ਮਿਲਣ ਕਾਰਨ ਜਾਂਚ ਹੋਰ ਵੀ ਗੰਭੀਰ ਹੋ ਗਈ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਮਿਲਿਆ ਕੰਕਾਲ ਕੁਲਵੰਤ ਸਿੰਘ ਦਾ ਹੈ ਜਾਂ ਕਿਸੇ ਹੋਰ ਵਿਅਕਤੀ ਦਾ। ਇਸ ਦੀ ਪੁਸ਼ਟੀ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।
ਸਰਪੰਚ ਨੇ ਦੱਸਿਆ ਹਾਦਸੇ ਦਾ ਪੂਰਾ ਵੇਰਵਾ
ਪਿੰਡ ਦੇ ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰੇ ਕਰੀਬ 10 ਵਜੇ ਨਾਲ ਦੇ ਘਰ ਵਾਲਿਆਂ ਨੇ ਉਸਨੂੰ ਸੂਚਨਾ ਦਿੱਤੀ ਸੀ ਕਿ ਜਦੋਂ ਉਹ ਆਪਣੇ ਘਰ ਦੀ ਨੀਂਹ ਪੁੱਟ ਰਹੇ ਸਨ ਤਾਂ ਨਾਲ ਵਾਲੇ ਬੰਦ ਪਏ ਘਰ ਦੀ ਖੁਦਾਈ ਦੌਰਾਨ ਅਚਾਨਕ ਮਨੁੱਖੀ ਕੰਕਾਲ ਮਿਲਿਆ। ਇਹ ਖ਼ਬਰ ਮਿਲਦਿਆਂ ਹੀ ਉਹਨਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।
ਪਿੰਡ ਵਿੱਚ ਦਹਿਸ਼ਤ ਦਾ ਮਾਹੌਲ
ਕੰਕਾਲ ਮਿਲਣ ਤੋਂ ਬਾਅਦ ਪੂਰੇ ਪਿੰਡ ਵਿੱਚ ਲੋਕਾਂ ਵਿੱਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀ ਹੈਰਾਨ ਹਨ ਕਿ ਆਖ਼ਿਰਕਾਰ ਇੱਕ ਘਰ ਦੀ ਨੀਂਹ ਹੇਠਾਂ ਕੰਕਾਲ ਕਿਵੇਂ ਆ ਗਿਆ। ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।