ਮੋਹਾਲੀ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਮਾਮਲੇ ਵਿੱਚ ਇਕ ਹੋਰ ਮਹੱਤਵਪੂਰਨ ਵਿਕਾਸ ਸਾਹਮਣੇ ਆਇਆ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿਚ ਨਾਭਾ ਜੇਲ੍ਹ ‘ਚ ਬੰਦ ਮਜੀਠੀਆ ਵੱਲੋਂ ਆਪਣੀ ਬੈਰਕ ਬਦਲਣ ਲਈ ਦਾਇਰ ਕੀਤੀ ਅਰਜ਼ੀ ‘ਤੇ ਅੱਜ ਮੋਹਾਲੀ ਅਦਾਲਤ ‘ਚ ਸੁਣਵਾਈ ਹੋਈ।
ਅਦਾਲਤ ਵਿਚ ਹੋਈ ਕਾਰਵਾਈ ਦੌਰਾਨ ਦੋਵਾਂ ਪੱਖਾਂ ਦੇ ਵਕੀਲਾਂ ਨੇ ਆਪਣੀਆਂ-ਆਪਣੀਆਂ ਅੰਤਿਮ ਦਲੀਲਾਂ ਜੱਜ ਹਰਦੀਪ ਸਿੰਘ ਅੱਗੇ ਪੇਸ਼ ਕੀਤੀਆਂ। ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣੇ ਫ਼ੈਸਲੇ ਨੂੰ ਰਾਖਵਾਂ ਰੱਖਦੇ ਹੋਏ ਐਲਾਨ ਕੀਤਾ ਕਿ ਹੁਣ ਇਹ ਫ਼ੈਸਲਾ 1 ਸਤੰਬਰ ਨੂੰ ਸੁਣਾਇਆ ਜਾਵੇਗਾ।
ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਕੁਝ ਦਿਨ ਪਹਿਲਾਂ ਹੀ ਮੋਹਾਲੀ ਅਦਾਲਤ ‘ਚ ਬੈਰਕ ਬਦਲਣ ਸੰਬੰਧੀ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ਦਾ ਮੁੱਖ ਕਾਰਨ ਮਜੀਠੀਆ ਦੀ ਸੁਰੱਖਿਆ ਅਤੇ ਜੇਲ੍ਹ ਅੰਦਰ ਉਨ੍ਹਾਂ ਦੀਆਂ ਸਹੂਲਤਾਂ ਨਾਲ ਜੁੜੇ ਮੁੱਦੇ ਮੰਨੇ ਜਾ ਰਹੇ ਹਨ।
ਇਸ ਮਾਮਲੇ ਤੋਂ ਇਲਾਵਾ ਮਜੀਠੀਆ ਦੀ ਨਿਆਂਇਕ ਹਿਰਾਸਤ ਵੀ ਖ਼ਤਮ ਹੋਣ ‘ਤੇ ਉਹਨਾਂ ਨੂੰ ਬੀਤੇ ਦਿਨਾਂ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੋਂ ਜੱਜ ਨੇ ਉਨ੍ਹਾਂ ਦੀ ਹਿਰਾਸਤ ਨੂੰ 6 ਸਤੰਬਰ ਤੱਕ ਵਧਾਉਣ ਦਾ ਹੁਕਮ ਸੁਣਾਇਆ।
ਗੌਰ ਕਰਨ ਵਾਲੀ ਗੱਲ ਹੈ ਕਿ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਚੱਲ ਰਿਹਾ ਹੈ। ਇਸ ਕੇਸ ਦੇ ਤਹਿਤ ਉਹ ਇਸ ਵੇਲੇ ਨਾਭਾ ਜੇਲ੍ਹ ਵਿਚ ਨਿਆਂਇਕ ਹਿਰਾਸਤ ਹੇਠ ਬੰਦ ਹਨ ਅਤੇ ਉਨ੍ਹਾਂ ਦੀਆਂ ਅਦਾਲਤੀ ਕਾਰਵਾਈਆਂ ਨੂੰ ਲੈ ਕੇ ਲਗਾਤਾਰ ਨਵੀਆਂ ਅਪਡੇਟਸ ਸਾਹਮਣੇ ਆ ਰਹੀਆਂ ਹਨ।