ਦਿੱਲੀ ‘ਚ ਹੜ੍ਹ ਦਾ ਖ਼ਤਰਾ, ਯਮੁਨਾ Warning Level ਤੋਂ ਪਾਰ – ਹਥਿਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ ਗਏ…

ਯਮੁਨਾਨਗਰ (ਹਰਿਆਣਾ) – ਹਰਿਆਣਾ ਦੇ ਯਮੁਨਾਨਗਰ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਯਮੁਨਾ ਨਦੀ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਤ ਨੂੰ ਦੇਖਦਿਆਂ ਐਤਵਾਰ ਨੂੰ ਅਧਿਕਾਰੀਆਂ ਨੂੰ ਹਥਿਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹਣੇ ਪਏ। ਇਸ ਮਾਨਸੂਨ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ ਕਿ ਸਾਰੇ ਗੇਟ ਇਕੱਠੇ ਖੋਲ੍ਹੇ ਗਏ ਹਨ। ਬੈਰਾਜ ਤੋਂ ਲਗਭਗ 1.16 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਾਣਕਾਰੀ ਅਨੁਸਾਰ, ਬੈਰਾਜ ਤੋਂ ਛੱਡਿਆ ਪਾਣੀ ਦਿੱਲੀ ਪਹੁੰਚਣ ਵਿੱਚ ਆਮ ਤੌਰ ‘ਤੇ 48 ਤੋਂ 50 ਘੰਟੇ ਲੱਗਦਾ ਹੈ।

ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

ਪਾਣੀ ਦੇ ਵਧਦੇ ਪੱਧਰ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਅਨੁਸਾਰ, 17 ਅਗਸਤ 2025 ਦੁਪਹਿਰ 1 ਵਜੇ ਹਥਿਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਅਤੇ ਉੱਪਰਲੇ ਯਮੁਨਾ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਿਸ਼ ਕਾਰਨ ਸੰਭਾਵਨਾ ਹੈ ਕਿ 19 ਅਗਸਤ ਦੁਪਹਿਰ 2 ਵਜੇ ਤੱਕ ਦਿੱਲੀ ਰੇਲਵੇ ਪੁਲ ‘ਤੇ ਯਮੁਨਾ ਦਾ ਪਾਣੀ ਪੱਧਰ 206 ਮੀਟਰ ਤੋਂ ਉੱਪਰ ਜਾ ਸਕਦਾ ਹੈ।

ਸੋਮ ਨਦੀ ਵਿੱਚ ਵੀ ਉਛਾਲ

ਇਸੇ ਦੌਰਾਨ, ਯਮੁਨਾਨਗਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬੇਹਦ ਬਾਰਿਸ਼ ਕਾਰਨ ਹਰਿਆਣਾ ਦੀ ਸੋਮ ਨਦੀ ਵੀ ਓਵਰਫਲੋ ਹੋ ਗਈ। ਐਤਵਾਰ ਨੂੰ ਨਦੀ ਦੇ ਬੰਨ੍ਹ ਟੁੱਟਣ ਤੋਂ ਬਾਅਦ ਪਾਣੀਵਾਲਾ ਵਰਗੇ ਕਈ ਪਿੰਡ ਹੜ੍ਹ ਦੇ ਖ਼ਤਰੇ ‘ਚ ਆ ਗਏ ਹਨ। ਧਨੌਰਾ ਪਿੰਡ ਵਿੱਚ ਨਦੀ ਪੁਲ ਦੇ ਉੱਪਰੋਂ ਪਾਣੀ ਵਗਦਾ ਦਿਖਾਈ ਦਿੱਤਾ। ਇਹ ਪੁਲ ਹਰਿਆਣਾ ਦੇ ਰਣਜੀਤਪੁਰ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਹੈ।

ਚੰਡੀਗੜ੍ਹ ਵਿੱਚ ਸੁਖਨਾ ਝੀਲ ਵੀ ਖ਼ਤਰੇ ਦੇ ਨਿਸ਼ਾਨ ‘ਤੇ

ਹਰਿਆਣਾ ਦੇ ਯਮੁਨਾਨਗਰ ਤੋਂ ਇਲਾਵਾ ਪੰਚਕੂਲਾ, ਕੁਰੂਕਸ਼ੇਤਰ ਅਤੇ ਅੰਬਾਲਾ ਵਿੱਚ ਵੀ ਲਗਾਤਾਰ ਮੀਂਹ ਜਾਰੀ ਹੈ। ਐਤਵਾਰ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ। ਹਾਲਾਤ ਨੂੰ ਸੰਭਾਲਣ ਲਈ ਪ੍ਰਸ਼ਾਸਨ ਨੇ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇੱਕ ਗੇਟ ਖੋਲ੍ਹ ਦਿੱਤਾ, ਤਾਂ ਜੋ ਵਾਧੂ ਪਾਣੀ ਬਾਹਰ ਨਿਕਲ ਸਕੇ। ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਨੇੜਲੇ ਇਲਾਕਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ। ਆਮ ਤੌਰ ‘ਤੇ ਸੁਖਨਾ ਝੀਲ ਦੇ ਗੇਟ ਉਸ ਵੇਲੇ ਖੋਲ੍ਹੇ ਜਾਂਦੇ ਹਨ ਜਦੋਂ ਪਾਣੀ ਦਾ ਪੱਧਰ 1,163 ਫੁੱਟ ‘ਤੇ ਪਹੁੰਚਦਾ ਹੈ।

Leave a Reply

Your email address will not be published. Required fields are marked *