ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਵੱਧਿਆ, ਰਾਵੀ ਦਰਿਆ ਵਿੱਚ ਫਿਰ ਛੱਡਿਆ ਗਿਆ ਪਾਣੀ, ਪ੍ਰਸ਼ਾਸਨ ਨੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਲਈ ਕੀਤਾ ਅਪੀਲ…

ਅੰਮ੍ਰਿਤਸਰ: ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਇਕ ਵਾਰ ਫਿਰ ਗੰਭੀਰ ਰੂਪ ਧਾਰਣ ਕਰ ਗਿਆ ਹੈ। ਰਾਵੀ ਦਰਿਆ ਵਿੱਚ ਪਾਣੀ ਦੀ ਨਵੀਂ ਆਮਦ ਕਾਰਨ ਅੰਮ੍ਰਿਤਸਰ ਜ਼ਿਲ੍ਹੇ ਸਮੇਤ ਕਈ ਇਲਾਕਿਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਅਤੇ ਸੁਰੱਖਿਅਤ ਉੱਚੀਆਂ ਥਾਵਾਂ ’ਤੇ ਜਾਣ ਲਈ ਚੇਤਾਵਨੀ ਜਾਰੀ ਕੀਤੀ ਹੈ।

ਜਾਣਕਾਰੀ ਮੁਤਾਬਕ, ਪਿਛਲੇ ਦਿਨੀਂ ਰਾਵੀ ਦਰਿਆ ਵਿੱਚ ਲਗਭਗ 28 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਹਾਲਾਂਕਿ ਦਰਿਆ ਦੀ ਕੁੱਲ ਸਮਰੱਥਾ 4 ਲੱਖ ਕਿਊਸਿਕ ਤੋਂ ਵੀ ਵੱਧ ਹੈ, ਪਰ ਦਰਿਆ ਦੇ ਕੰਢੇ ਕਈ ਥਾਵਾਂ ’ਤੇ ਟੁੱਟੇ ਹੋਣ ਕਾਰਨ ਹੋਰ ਪਾਣੀ ਆਉਣ ਦੀ ਸਥਿਤੀ ’ਚ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ। ਇਸ ਵੇਲੇ ਵੀ ਘੱਟੋ-ਘੱਟ 20 ਤੋਂ ਵੱਧ ਥਾਵਾਂ ’ਤੇ ਧੁੱਸੀ ਬੰਨ੍ਹ ਟੁੱਟੇ ਹੋਏ ਹਨ ਅਤੇ ਉਨ੍ਹਾਂ ਦੀ ਮੁਰੰਮਤ ਅਜੇ ਪੂਰੀ ਨਹੀਂ ਹੋ ਸਕੀ।

ਇਸ ਸਾਰੇ ਹਾਲਾਤਾਂ ਵਿਚ, ਜੰਮੂ-ਕਸ਼ਮੀਰ ਵਿੱਚ 5 ਤੋਂ 7 ਅਕਤੂਬਰ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਹੋਈ ਹੈ, ਜਦਕਿ ਪੰਜਾਬ ਦੇ ਕਈ ਜ਼ਿਲ੍ਹੇ ਵੀ ਇਸ ਮੀਂਹ ਦੀ ਚਪੇਟ ਵਿੱਚ ਆ ਸਕਦੇ ਹਨ। ਇਸ ਕਾਰਨ ਸਥਿਤੀ ਹੋਰ ਗੰਭੀਰ ਹੋਣ ਦਾ ਡਰ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਪਸ਼ਟ ਕਿਹਾ ਹੈ ਕਿ ਕੋਈ ਵੀ ਨਿਵਾਸੀ ਦਰਿਆ ਦੇ ਨੇੜੇ ਨਾ ਜਾਵੇ।

ਰਾਵੀ ਦਰਿਆ ਦੇ ਟੁੱਟੇ ਹੋਏ ਕੰਢਿਆਂ ਦੀ ਮੁਰੰਮਤ ਲਈ ਫੌਜ, ਧਾਰਮਿਕ ਸੰਗਠਨਾਂ, ਸਥਾਨਕ ਲੋਕਾਂ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਕੰਮ ਜਾਰੀ ਹੈ। ਇਸ ਵੇਲੇ ਸਿਰਫ਼ ਤਿੰਨ ਥਾਵਾਂ, ਜਿਨ੍ਹਾਂ ਵਿੱਚ ਘੋਨੇਵਾਲਾ ਵੀ ਸ਼ਾਮਲ ਹੈ, ’ਤੇ ਹੀ ਕੰਮ ਪੂਰਾ ਹੋ ਸਕਿਆ ਹੈ

ਯਾਦ ਰਹੇ ਕਿ ਇਸ ਸਾਲ ਹੀ ਹੜ੍ਹ ਕਾਰਨ ਪੰਜਾਬ ਦੇ 196 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਬੇਸ਼ੁਮਾਰ ਘਰ ਪਾਣੀ ਵਿੱਚ ਡੁੱਬ ਗਏ ਸਨ, ਜਦਕਿ ਕਿਸਾਨਾਂ ਦੀ ਖੜ੍ਹੀ ਫਸਲ, ਖ਼ਾਸਕਰ ਝੋਨੇ ਦੀ ਫਸਲ, ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਇਸ ਦੁੱਖਦਾਈ ਸਥਿਤੀ ਕਾਰਨ ਹੜ੍ਹ ਪੀੜਤ ਲੋਕ ਅਜੇ ਵੀ ਆਮ ਜੀਵਨ ਵਾਪਸ ਆਉਣ ਦੀ ਆਸ ਵਿੱਚ ਹਨ ਅਤੇ ਇਕ ਵਾਰ ਫਿਰ ਅਰਦਾਸਾਂ ਕਰ ਰਹੇ ਹਨ ਕਿ ਮੀਂਹ ਅਤੇ ਹੜ੍ਹ ਤੋਂ ਰਾਹਤ ਮਿਲ ਸਕੇ।

Leave a Reply

Your email address will not be published. Required fields are marked *