ਅੰਮ੍ਰਿਤਸਰ: ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾਈ ਤੋਂ ਵਾਂਝੇ ਰਹੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਸਰਬੱਤ ਖਾਲਸਾ ਸੰਮੇਲਨ 2015 ਦੇ ਸਾਰੇ ਸਰਕਦਾ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਪਹਿਲਾਂ 20 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਪੈਦਲ ਮਾਰਚ ਹੁਣ ਤਾਰੀਖ਼ ਬਦਲ ਕੇ 10 ਨਵੰਬਰ ਕਰ ਦਿੱਤਾ ਗਿਆ ਹੈ।
ਇਸ ਪੈਦਲ ਮਾਰਚ ਦੀ ਵਿਸ਼ੇਸ਼ ਯੋਜਨਾ ਅਨੁਸਾਰ, ਯਾਤਰਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਵੇਗੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ (ਸਾਬੋਕੀ ਤਲਵੰਡੀ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦੀ ਹੋਈ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨਤਾ ਤੱਕ ਪਹੁੰਚੇਗੀ। ਇਹ ਯਾਤਰਾ ਸਿਰਫ਼ ਇੱਕ ਰੂਹਾਨੀ ਮਿਸ਼ਨ ਨਹੀਂ ਹੋਵੇਗੀ, ਸਗੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਵੱਡਾ ਪੰਥਕ ਸੰਦੇਸ਼ ਦੇਣ ਵਾਲੀ ਮੁਹਿੰਮ ਸਾਬਤ ਹੋਵੇਗੀ।
ਇਸ ਸੰਬੰਧੀ ਜਾਣਕਾਰੀ ਭਾਈ ਜਰਨੈਲ ਸਿੰਘ ਸਖੀਰਾ ਨੇ ਦਿੱਤੀ। ਉਨ੍ਹਾਂ ਨੇ ਪੰਥਕ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਫੈਸਲਾ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਲਿਆ ਗਿਆ ਹੈ। ਖ਼ਾਸ ਕਰਕੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਸਮੇਤ ਕਈ ਹੋਰ ਖੇਤਰਾਂ ਵਿੱਚ ਹੜ੍ਹਾਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਕਰਕੇ ਪਹਿਲਾਂ ਨਿਧਾਰਤ ਤਾਰੀਖ਼ ਵਿੱਚ ਤਬਦੀਲੀ ਕੀਤੀ ਗਈ ਹੈ।
ਭਾਈ ਸਖੀਰਾ ਨੇ ਦੱਸਿਆ ਕਿ ਸਰਬੱਤ ਖਾਲਸਾ ਸੰਮੇਲਨ 2015 ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਸੀ, ਜਿਸ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਇਸ ਫੈਸਲੇ ਨੂੰ ਪੰਥਕ ਦਰਦੀਆਂ ਅਤੇ ਹਿਤੈਸ਼ੀਆਂ ਵੱਲੋਂ ਪੂਰੀ ਤਰ੍ਹਾਂ ਸਮਰਥਨ ਅਤੇ ਹਮਾਇਤ ਮਿਲੀ ਹੈ।
ਇਸ ਮੌਕੇ ਹੋਰ ਪੰਥਕ ਨੇਤਾ ਅਤੇ ਸ਼ਖਸੀਅਤਾਂ ਵੀ ਹਾਜ਼ਰ ਸਨ, ਜਿਨ੍ਹਾਂ ਵਿੱਚ ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਸਤਨਾਮ ਸਿੰਘ ਮਨਾਵਾ, ਬਾਬਾ ਹਰਬੰਸ ਸਿੰਘ ਚੈਨਪੁਰ, ਬਾਬਾ ਚਮਕੌਰ ਸਿੰਘ, ਤੇਜਬੀਰ ਸਿੰਘ ਅਤੇ ਪਰਮਜੀਤ ਸਿੰਘ ਜਿੱਜੇਆਣੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਪੈਦਲ ਮਾਰਚ ਨੂੰ ਪੰਥਕ ਏਕਤਾ ਅਤੇ ਹੱਕਾਂ ਦੀ ਲੜਾਈ ਦਾ ਮਹੱਤਵਪੂਰਨ ਹਿੱਸਾ ਕਿਹਾ।
ਇਹ ਵੀ ਕਿਹਾ ਗਿਆ ਕਿ ਨਵੰਬਰ ਦੇ ਮਹੀਨੇ ਵਿੱਚ ਹੋਣ ਵਾਲਾ ਇਹ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਇੱਕ ਵਾਰ ਫਿਰ ਸੂਬਾ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਸਿਆਸਤ ਅਤੇ ਸਰਕਾਰੀ ਪੱਧਰ ’ਤੇ ਉਜਾਗਰ ਕਰੇਗਾ।