ਤਪਾ ਮੰਡੀ (ਬਰਨਾਲਾ): ਆਜ਼ਾਦੀ ਦਿਵਸ ਦੇ ਸੂਬਾ-ਪੱਧਰੀ ਉਤਸਵਾਂ ਨੂੰ ਧਿਆਨ ਵਿੱਚ ਰੱਖਦਿਆਂ ਤਪਾ ਉਪ-ਮੰਡਲ ਪ੍ਰਸ਼ਾਸਨ ਵੱਲੋਂ ਅੱਜ ਬਾਹਰਲੀ ਅਨਾਜ ਮੰਡੀ ਵਿੱਚ ਫੁੱਲ ਡਰੈੱਸ ਰਿਹਰਸਲ ਦਾ ਆਯੋਜਨ ਕੀਤਾ ਗਿਆ। ਇਸ ਰਿਹਰਸਲ ਦੀ ਅਗਵਾਈ ਉਪ-ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਮੈਡਮ ਸਿਮਰਪ੍ਰੀਤ ਕੌਰ ਨੇ ਕੀਤੀ।
ਇਸ ਮੌਕੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਰਿਹਰਸਲ ਦੌਰਾਨ ਬੱਚਿਆਂ ਨੇ ਆਜ਼ਾਦੀ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕੋਰੀਓਗ੍ਰਾਫੀ, ਦੇਸ਼ਭਗਤੀ ਗੀਤ, ਸਕਿੱਟਾਂ ਅਤੇ ਹੋਰ ਕਲਾ ਪ੍ਰਦਰਸ਼ਨ ਪੇਸ਼ ਕੀਤੇ, ਜਿਨ੍ਹਾਂ ਨੇ ਹਾਜ਼ਰ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਦਾ ਮੁੱਖ ਸਮਾਰੋਹ ਬਾਹਰਲੀ ਅਨਾਜ ਮੰਡੀ ਵਿਖੇ ਹੀ ਮਨਾਇਆ ਜਾਵੇਗਾ। ਇਸ ਮੌਕੇ ਐਸ.ਡੀ.ਐਮ. ਤਪਾ ਮੈਡਮ ਸਿਮਰਪ੍ਰੀਤ ਕੌਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੱਤਾ ਜਾਵੇਗਾ।
ਰਿਹਰਸਲ ਦੌਰਾਨ ਡੀ.ਐਸ.ਪੀ. ਗੁਰਬਿੰਦਰ ਸਿੰਘ ਤਪਾ, ਤਹਿਸੀਲਦਾਰ ਓਂਕਾਰ ਸਿੰਘ ਤਪਾ, ਕਾਰਜ ਸਾਧਕ ਅਧਿਕਾਰੀ ਹਰਪ੍ਰੀਤ ਸਿੰਘ, ਸੁਪਰਡੈਂਟ ਰੇਸ਼ਮ ਸਿੰਘ, ਹਰਜਿੰਦਰ ਸਿੰਘ ਹੈਰੀ, ਕਮਲਦੀਪ ਕੌਰ, ਅਮਨਦੀਪ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਪ੍ਰੋਗਰਾਮ ਦੇ ਅੰਤ ‘ਤੇ ਦੇਸ਼ਭਗਤੀ ਨਾਅਰਿਆਂ ਨਾਲ ਮਾਹੌਲ ਗੂੰਜ ਉਠਿਆ ਅਤੇ ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ਨੂੰ ਸਲਾਮ ਕੀਤਾ ਗਿਆ।