ਅੰਮ੍ਰਿਤਸਰ : ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਬੀਤੀ ਦੇਰ ਰਾਤ ਇੱਕ ਦਹਿਸ਼ਤਜਨਕ ਵਾਕਿਆ ਵਾਪਰਿਆ, ਜਿਸ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਗੋਲਡਨ ਅਵਨਿਊ ਦੇ ਬਾਹਰ ਸੜਕ ਉੱਪਰ ਦੋਸਤਾਂ ਨਾਲ ਕਾਰ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨਿਸ਼ਾਨਾ ਬਣਾਇਆ ਅਤੇ ਅਚਾਨਕ ਉਨ੍ਹਾਂ ਦੀ ਕਾਰ ਉੱਪਰ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ 24 ਸਾਲਾ ਨਿਮਿਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਹਰਪ੍ਰੀਤ ਸਿੰਘ ਗੰਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ।
ਜ਼ਖ਼ਮੀ ਹਰਪ੍ਰੀਤ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਉਸਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਿਮਿਸ਼ ਨੂੰ ਵੱਜੀਆਂ 14 ਗੋਲੀਆਂ
ਮ੍ਰਿਤਕ ਨੌਜਵਾਨ ਨਿਮਿਸ਼ ਕੁਮਾਰ ਦੇ ਭਰਾ ਨੇ ਦੱਸਿਆ ਕਿ ਨਿਮਿਸ਼ ਰਿਕਵਰੀ ਦਾ ਕੰਮ ਕਰਦਾ ਸੀ ਅਤੇ ਉਸਦੀ ਕਿਸੇ ਨਾਲ ਕੋਈ ਜਾਣੀ-ਪਛਾਣੀ ਰੰਜਿਸ਼ ਨਹੀਂ ਸੀ। ਉਸਦੇ ਅਨੁਸਾਰ, ਨਿਮਿਸ਼ ਆਪਣੇ ਦੋਸਤ ਗੰਜੇ ਨਾਲ ਕਾਰ ਵਿੱਚ ਜਾ ਰਿਹਾ ਸੀ ਕਿ ਅਚਾਨਕ ਕੁਝ ਨੌਜਵਾਨ ਮੋਟਰਸਾਈਕਲ ’ਤੇ ਆ ਕੇ ਗੱਡੀ ਉੱਪਰ ਗੋਲੀਬਾਰੀ ਕਰਨ ਲੱਗ ਪਏ। ਉਸਦਾ ਦਾਅਵਾ ਹੈ ਕਿ ਨਿਮਿਸ਼ ਨੂੰ ਲਗਭਗ 14 ਗੋਲੀਆਂ ਲੱਗੀਆਂ, ਜਿਸ ਨਾਲ ਉਹ ਮੌਕੇ ’ਤੇ ਹੀ ਢਹਿ ਪਿਆ ਅਤੇ ਉਸਦੀ ਜਾਨ ਨਹੀਂ ਬਚ ਸਕੀ।
ਇਲਾਕੇ ’ਚ ਖੌਫ਼ ਤੇ ਪੁਲਿਸ ਜਾਂਚ ਸ਼ੁਰੂ
ਇਸ ਖੂਨੀ ਹਮਲੇ ਤੋਂ ਬਾਅਦ ਗੋਲਡਨ ਅਵਨਿਊ ਸਮੇਤ ਨੇੜਲੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਥਾਨਕ ਲੋਕਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਚਿੰਤਾ ਬਣ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਤਾਂ ਜੋ ਹਮਲਾਵਰ ਮੋਟਰਸਾਈਕਲ ਸਵਾਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਵੱਲੋਂ ਵੱਖ-ਵੱਖ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਇਸ ਮਾਮਲੇ ਨੂੰ ਗੈਂਗਵਾਰ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਵਾਪਰੀ ਇਹ ਗੋਲੀਆਂ ਦੀ ਬਰਸਾਤ ਨਾ ਸਿਰਫ਼ ਜਾਨਲੇਵਾ ਸਾਬਤ ਹੋਈ, ਸਗੋਂ ਇਸ ਨੇ ਸ਼ਹਿਰ ਦੀ ਸੁਰੱਖਿਆ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।