ਲੁਧਿਆਣਾ : ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਸ਼ਨੀਵਾਰ ਨੂੰ ਇਕ ਐਸੀ ਘਟਨਾ ਵਾਪਰੀ ਜਿਸ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ। ਦਿਨ-ਦਿਹਾੜੇ ਸਕੂਟਰ ਸਵਾਰ ਇਕ ਨੌਜਵਾਨ, ਜੋ ਕਿ ਨਸ਼ੇ ਦੀ ਲਤ ਦਾ ਸ਼ਿਕਾਰ ਦੱਸਿਆ ਜਾ ਰਿਹਾ ਹੈ, ਨੇ ਇਕ ਮਹਿਲਾ ਦਾ ਪਰਸ ਛੀਣਨ ਦੀ ਕੋਸ਼ਿਸ਼ ਕੀਤੀ।
ਪ੍ਰਾਪਤ ਜਾਣਕਾਰੀ ਮੁਤਾਬਕ, ਮਹਿਲਾ ਅਲਕਾ ਆਪਣੇ ਕੰਮ-ਕਾਜ ਤੋਂ ਵਾਪਸ ਘਰ ਜਾ ਰਹੀ ਸੀ ਕਿ ਇਸ ਦੌਰਾਨ ਸਕੂਟਰ ਸਵਾਰ ਨੌਜਵਾਨ ਨੇ ਅਚਾਨਕ ਉਸਦਾ ਰਾਹ ਰੋਕ ਕੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਜਦੋਂ ਆਪਣੇ ਪਰਸ ਨੂੰ ਛੱਡਣ ਤੋਂ ਇਨਕਾਰ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਜ਼ੋਰ ਨਾਲ ਖਿੱਚਿਆ, ਜਿਸ ਕਾਰਨ ਉਹ ਮੂੰਹ ਦੇ ਬਲ ਸੜਕ ‘ਤੇ ਡਿੱਗ ਗਈ ਅਤੇ ਗੰਭੀਰ ਜ਼ਖ਼ਮੀ ਹੋ ਗਈ।
ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਪਹਿਲਾਂ ਤਾਂ ਮੌਕੇ ਤੋਂ ਭੱਜ ਗਿਆ ਪਰ ਕੁਝ ਸਮੇਂ ਬਾਅਦ ਦੁਬਾਰਾ ਵਾਪਸ ਆਇਆ ਅਤੇ ਜ਼ਮੀਨ ’ਤੇ ਪਈ ਔਰਤ ਦਾ ਪਰਸ ਚੁੱਕ ਕੇ ਫ਼ਰਾਰ ਹੋ ਗਿਆ। ਇਸ ਸਮੇਂ ਦੌਰਾਨ ਆਸ-ਪਾਸ ਦੇ ਲੋਕ ਵੀ ਇਕੱਠੇ ਹੋਣ ਲੱਗ ਪਏ ਪਰ ਦੋਸ਼ੀ ਭੀੜ ਦੇਖ ਕੇ ਮੌਕੇ ਤੋਂ ਗਾਇਬ ਹੋ ਗਿਆ।
ਇਸ ਸਾਰੀ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਅਲਕਾ ਖੂਨ ਨਾਲ ਲਥਪਥ ਸੜਕ ’ਤੇ ਪਈ ਹੈ ਜਦਕਿ ਆਸ-ਪਾਸ ਦੇ ਲੋਕ ਉਸਦੀ ਸਹਾਇਤਾ ਲਈ ਇਕੱਠੇ ਹੋ ਰਹੇ ਹਨ। ਸਥਾਨਕ ਲੋਕਾਂ ਨੇ ਜ਼ਖ਼ਮੀ ਮਹਿਲਾ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਨਾਜ਼ੁਕ ਦੱਸਿਆ।
ਅਲਕਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸਦੇ ਦੰਦ ਟੁੱਟ ਗਏ ਹਨ ਅਤੇ ਸਿਰ ‘ਚ ਡੂੰਘੀ ਚੋਟ ਕਾਰਨ ਉਸ ਨੂੰ ਡੀ.ਐੱਮ.ਸੀ. ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖ਼ਲ ਕਰਾਇਆ ਗਿਆ ਹੈ। ਡਾਕਟਰਾਂ ਮੁਤਾਬਕ ਮਹਿਲਾ ਦੇ ਚਿਹਰੇ ’ਤੇ ਹੋਈਆਂ ਗੰਭੀਰ ਚੋਟਾਂ ਕਾਰਨ ਉਸਦੀ ਪਲਾਸਟਿਕ ਸਰਜਰੀ ਵੀ ਕਰਨੀ ਪਈ ਹੈ।
ਪੀੜਤ ਦੀ ਧੀ ਜਪਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਮਾਂ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ ਅਤੇ ਉਸ ਨੂੰ ਅਜੇ ਤੱਕ ਹੋਸ਼ ਨਹੀਂ ਆਇਆ। ਪਰਿਵਾਰ ਵੱਲੋਂ ਤੁਰੰਤ ਪੁਲਿਸ ਨੂੰ ਸਾਰੀ ਘਟਨਾ ਬਾਰੇ ਸ਼ਿਕਾਇਤ ਦਿੱਤੀ ਗਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਡਲ ਟਾਊਨ ਇਲਾਕੇ ਵਿੱਚ ਅਜਿਹੀਆਂ ਝਪਟਮਾਰੀ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਪਰ ਇਸ ਵਾਰ ਵਾਪਰੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।