ਅਮਰੀਕਾ ਦੇ ਟੈਕਸਾਸ ਰਾਜ ਤੋਂ ਇਕ ਬਹੁਤ ਹੀ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 31 ਸਾਲਾ ਮਹਿਲਾ ਨੇ ਆਪਣੇ ਹੀ ਚਾਰ ਮਾਸੂਮ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਦਰਿੰਦਗੀ ਭਰੀ ਕਾਰਵਾਈ ਦੌਰਾਨ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਬ੍ਰਾਜ਼ੋਰੀਆ ਕਾਊਂਟੀ ਦੇ ਸ਼ੈਰਿਫ ਬੋ ਸਟਾਲਮੈਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਔਰਤ ‘ਤੇ ਕਤਲ ਅਤੇ ਘਾਤਕ ਹਥਿਆਰ ਨਾਲ ਹਮਲੇ ਦੇ ਦੋ-ਦੋ ਇਲਜ਼ਾਮ ਲਗਾਏ ਗਏ ਹਨ। ਉਸਨੂੰ 1.4 ਬਿਲੀਅਨ ਡਾਲਰ ਦੇ ਬਾਂਡ ‘ਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਹ ਘਟਨਾ ਸ਼ਨੀਵਾਰ ਨੂੰ ਐਂਗਲਟਨ (Angleton) ਸ਼ਹਿਰ ਵਿੱਚ ਵਾਪਰੀ, ਜੋ ਹਿਊਸਟਨ ਤੋਂ ਕਰੀਬ 70 ਕਿਲੋਮੀਟਰ ਦੱਖਣ ਵੱਲ ਸਥਿਤ ਹੈ।
ਸ਼ੈਰਿਫ ਮੁਤਾਬਕ, ਮਹਿਲਾ ਨੇ ਗੋਲੀਬਾਰੀ ਕਾਰ ਵਿੱਚ ਬੈਠੇ ਆਪਣੇ ਬੱਚਿਆਂ ‘ਤੇ ਕੀਤੀ। 13 ਸਾਲਾ ਵੱਡੀ ਧੀ ਅਤੇ 4 ਸਾਲਾ ਛੋਟੇ ਪੁੱਤਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਬਾਕੀ ਦੋ ਬੱਚੇ, ਜਿਨ੍ਹਾਂ ਦੀ ਉਮਰ 8 ਅਤੇ 9 ਸਾਲ ਹੈ, ਨੂੰ ਹਵਾਈ ਰਾਹੀਂ ਹਿਊਸਟਨ ਖੇਤਰ ਦੇ ਇੱਕ ਵੱਡੇ ਹਸਪਤਾਲ ਵਿੱਚ ਭੇਜਿਆ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ “ਸਥਿਰ ਪਰ ਗੰਭੀਰ” ਦੱਸੀ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇਸ ਜੁਰਮ ਤੋਂ ਬਾਅਦ ਮਹਿਲਾ ਨੇ ਖ਼ੁਦ ਪੁਲਿਸ ਨੂੰ ਕਾਲ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਇੱਕ ਹਥਿਆਰ ਵੀ ਬਰਾਮਦ ਕੀਤਾ। ਸ਼ੈਰਿਫ ਸਟਾਲਮੈਨ ਨੇ ਕਿਹਾ:
“ਇਹ ਇਕ ਅਜਿਹੀ ਘਟਨਾ ਹੈ ਜਿਸਨੂੰ ਸਮਝਣਾ ਮੁਸ਼ਕਲ ਹੈ। ਇਕ ਮਾਂ ਵੱਲੋਂ ਆਪਣੇ ਹੀ ਬੱਚਿਆਂ ਨਾਲ ਐਸਾ ਵਤੀਰਾ ਅਕਲ ਤੋਂ ਪਰੇ ਹੈ। ਪਰ ਅਸੀਂ ਇਨ੍ਹਾਂ ਮਾਸੂਮ ਬੱਚਿਆਂ ਲਈ ਇਨਸਾਫ਼ ਯਕੀਨੀ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡਾਂਗੇ।”
ਦੋਸ਼ੀ ਮਹਿਲਾ ਹਿਊਸਟਨ ਦੇ ਉੱਤਰ ਵਿੱਚ ਮੋਂਟਗੋਮਰੀ ਕਾਊਂਟੀ ਦੀ ਰਹਿਣ ਵਾਲੀ ਹੈ। ਫਿਲਹਾਲ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਇਹ ਖ਼ਤਰਨਾਕ ਕਦਮ ਕਿਉਂ ਚੁੱਕਿਆ। ਕੀ ਕਾਰਨ ਉਸਦੇ ਮਨ ਵਿੱਚ ਇੰਨਾ ਕਾਲਾ ਪਲ ਲਿਆਇਆ ਕਿ ਉਹ ਆਪਣੀ ਮਾਂਵਾਂ ਵਾਲੀ ਮਮਤਾ ਨੂੰ ਭੁੱਲ ਬੈਠੀ?
ਇਹ ਘਟਨਾ ਸਿਰਫ਼ ਐਂਗਲਟਨ ਸ਼ਹਿਰ ਹੀ ਨਹੀਂ, ਸਗੋਂ ਪੂਰੇ ਟੈਕਸਾਸ ਰਾਜ ਨੂੰ ਹਿਲਾ ਕੇ ਰੱਖ ਚੁੱਕੀ ਹੈ। ਇਥੋਂ ਦੀਆਂ ਲੋਕਲ ਕਮੇਊਨਿਟੀਆਂ ਮ੍ਰਿਤਕ ਬੱਚਿਆਂ ਲਈ ਪ੍ਰਾਰਥਨਾਵਾਂ ਕਰ ਰਹੀਆਂ ਹਨ ਅਤੇ ਜ਼ਖ਼ਮੀਆਂ ਦੀ ਜ਼ਿੰਦਗੀ ਬਚਣ ਦੀ ਦੁਆ ਕਰ ਰਹੀਆਂ ਹਨ।